ਮੁਕੇਸ਼ ਕੁਮਾਰ
ਚੰਡੀਗੜ੍ਹ, 19 ਅਕਤੂਬਰ
ਚੰਡੀਗੜ੍ਹ ਨਗਰ ਨਿਗਮ ਵੱਲੋਂ ‘ਨਗਰ ਨਿਗਮ ਆਪਕੇ ਦੁਆਰ’ ਮੁਹਿੰਮ ਤਹਿਤ ਵਾਰਡ ਨੰਬਰ 14 ਅਧੀਨ ਸੈਕਟਰ 45 ’ਚ ਇੱਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜਿੱਥੇ ਮੇਅਰ ਸਮੇਤ ਇਲਾਕਾ ਕੌਂਸਲਰ ਨੇ ਵਾਰਡ ਵਿੱਚ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਨੂੰ ਲੈ ਕੇ ਸੋਹਲੇ ਗਾਏ ਗਏ, ਉੱਥੇ ਜਦੋਂ ਸਮੱਸਿਆਵਾਂ ’ਤੇ ਚਰਚਾ ਸ਼ੁਰੂ ਹੋਈ ਤਾਂ ਲੰਮੇਂ ਸਮੇਂ ਤੋਂ ਸਮੱਸਿਆਵਾਂ ਦਾ ਸੰਤਾਪ ਭੋਗ ਰਹੇ ਇਲਾਕਾ ਵਾਸੀਆਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਪ੍ਰੋਗਰਾਮ ਦੌਰਾਨ ਕਈ ਇਲਾਕਾ ਵਾਸੀਆਂ ਨੂੰ ਆਪਣੀ ਗੱਲ ਰੱਖਣ ਤੋਂ ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਲਾਕਾ ਵਾਸੀਆਂ ਨੇ ਪ੍ਰੋਗਰਾਮ ਵਿੱਚ ਹਾਜ਼ਰ ਮੇਅਰ ਰਵੀ ਕਾਂਤ ਸ਼ਰਮਾ ਅਤੇ ਨਿਗਮ ਕਮਿਸ਼ਨਰ ਅਨਿਦਿੱਤਾ ਮਿਤਰਾ ਸਾਹਮਣੇ ਸੈਕਟਰ 45 ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਦੱਸਿਆ।
ਪ੍ਰੋਗਰਾਮ ਦੌਰਾਨ ਇਲਾਕਾ ਵਾਸੀਆਂ ਨੇ ਸੈਕਟਰ ਵਿੱਚ ਸੜਕਾਂ ਦੀ ਮਾੜੀ ਹਾਲਤ, ਸਫ਼ਾਈ ਵਿਵਸਥਾ, ਗੰਦੇ ਪਾਣੀ ਦੀ ਸਮੱਸਿਆ, ਸੈਕਟਰ ਤੇ ਪਿਛਲੇ ਪਾਸੇ ਦੇ ਜੰਗਲੀ ਇਲਾਕੇ ਵਿੱਚ ਦਰੱਖਤਾਂ ਦੀ ਛੰਗਾਈ ਦੀ ਸਮੱਸਿਆ, ਇਲਾਕੇ ਵਿੱਚ ਥਾਂ-ਥਾਂ ’ਤੇ ਲੱਗਣ ਵਾਲੇ ਕੂੜੇ ਦੇ ਢੇਰਾਂ, ਪਾਰਕਾਂ ਦੀ ਸੰਭਾਲ ਦੀ ਸਮੱਸਿਆ ਸਮੇਤ ਪੂਰੇ ਵਾਰਡ ’ਚ ਰੇਹੜੀ ਫੜ੍ਹੀ ਵਾਲਿਆਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਬਾਰੇ ਦੱਸਿਆ।
ਸੈਕਟਰ 45 ਏ ਦੀ ਸੁਪਰ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਬੰਸਲ ਨੇ ਦੱਸਿਆ ਕਿ ਉਹ ਨਿਗਮ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਗਏ ਸਨ ਪਰ ਜਦੋਂ ਉਨ੍ਹਾਂ ਬੋਲਣਾ ਚਾਹਿਆ ਤਾਂ ਇਲਾਕਾ ਕੌਂਸਲਰ ਕੰਵਰ ਰਾਣਾ ਨੇ ਉਨ੍ਹਾਂ ਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਤਾਂ ਉਨ੍ਹਾਂ ਪ੍ਰੋਗਰਾਮ ਦੌਰਾਨ ਹਾਜ਼ਰ ਨਿਗਮ ਕਮਿਸ਼ਨਰ ਤੋਂ ਆਪਣੀ ਗੱਲ ਰੱਖਣ ਲਈ ਅਰਜ਼ੋਈ ਕੀਤੀ। ਉਨ੍ਹਾਂ ਦੱਸਿਆ ਕਿ ਕਮਿਸ਼ਨਰ ਦੇ ਦਖਲ ’ਤੇ ਉਨ੍ਹਾਂ ਇਲਾਕੇ ਵਿੱਚ ਕਬੱਡੀ ਮਾਰਕੀਟ ਵਾਲਿਆਂ ਵੱਲੋਂ ਸੈਕਟਰ ਦੀ ਵੀ- 5 ਸੜਕ ’ਤੇ ਕੀਤੇ ਕਬਜ਼ਿਆਂ ਦੀ ਸਮੱਸਿਆ ਦੇ ਸਥਾਈ ਹੱਲ ਕੱਢਣ ਦੀ ਮੰਗ ਕੀਤੀ। ਲੋਕਾਂ ਨੇ ਨਿਗਮ ਵੱਲੋਂ ਸੈਕਟਰ 45 ਸੀ ਅਤੇ ਡੀ ਦੀਆਂ ਵੀ-6 ਸੜਕਾਂ ਦੀ ਰਿਕਾਰਪੇਟਿੰਗ ਵਿੱਚ ਘਟੀਆ ਸਮੱਗਰੀ ਲਾਉਣ ਦੀ ਵੀ ਸ਼ਿਕਾਇਤ ਕੀਤੀ। ਸੈਕਟਰ ਵਾਸੀਆਂ ਨੇ ਮੇਅਰ ਰਵੀ ਕਾਂਤ ਸ਼ਰਮਾ ਨੂੰ ਕਿਹਾ ਕਿ ਜਿਸ ਪਾਰਕ ਵਿੱਚ ਅੱਜ ਇਹ ਪ੍ਰੋਗਰਾਮ ਹੋ ਰਿਹਾ ਹੈ, ਇੱਥੇ ਪਿਛਲੇ 6 ਮਹੀਨਿਆਂ ਤੋਂ ਨਿਗਮ ਦੇ ਸਫ਼ਾਈ ਕਰਮਚਾਰੀਆਂ ਨੇ ਝਾੜੂ ਤੱਕ ਨਹੀਂ ਮਾਰਿਆ ਅਤੇ ਅੱਜ ਪ੍ਰੋਗਰਾਮ ਦੇ ਬਹਾਨੇ ਇਸ ਪਾਰਕ ਦੀ ਵੀ ਸਫ਼ਾਈ ਹੋ ਗਈ ਹੈ। ਪ੍ਰੋਗਰਾਮ ਦੌਰਾਨ ਹਾਜ਼ਰ ਨਗਰ ਨਿਗਮ ਕਮਿਸ਼ਨਰ ਅਨਿੰਦਿੱਤਾ ਮਿਤਰਾ ਅਤੇ ਮੇਅਰ ਰਵੀ ਕਾਂਤ ਸ਼ਰਮਾ ਨੇ ਇਲਾਕਾ ਵਾਸੀਆਂ ਵੱਲੋਂ ਦੱਸੀਆਂ ਗਈਆਂ ਸਮੱਸਿਆਵਾਂ ਦਾ ਛੇਤੀ ਹੱਲ ਕੱਢਣ ਦਾ ਭਰੋਸਾ ਦਿੱਤਾ। ਅੱਜ ਇਸ ਪ੍ਰੋਗਰਾਮ ਦੌਰਾਨ ਪਹਿਲਾਂ ਮੇਅਰ ਰਵੀ ਕਾਂਤ ਸ਼ਰਮਾ ਨੇ ਸੈਕਟਰ 45 ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਵੀ ਰੱਖਿਆ।
ਕਿਸਾਨ ਸਮਰਥਕਾਂ ਨੇ ਮੇਅਰ ਨੂੰ ਕਾਲੇ ਝੰਡੇ ਦਿਖਾਏ
ਪ੍ਰੋਗਰਾਮ ਮੌਕੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਸਮਰਥਕਾਂ ਨੇ ਮੇਅਰ ਨੂੰ ਕਾਲੇ ਝੰਡੇ ਦਿਖਾਏ ਅਤੇ ਕੇਂਦਰ ਸਰਕਾਰ ਤੇ ਭਾਜਪਾ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਕਿਸਾਨ ਸਮਰਥਕਾਂ ਨੂੰ ਪੁਲੀਸ ਨੇ ਬੇਰੀਕੇਡਿੰਗ ਕਰ ਕੇ ਪ੍ਰੋਗਰਾਮ ਵਾਲੀ ਥਾਂ ਤੋਂ ਦੂਰ ਹੀ ਰੋਕ ਕੇ ਰੱਖਿਆ ਪਰ ਜਦੋਂ ਪ੍ਰੋਗਰਾਮ ਜਾਰੀ ਸੀ ਅਤੇ ਮੇਅਰ ਭਾਸ਼ਣ ਦੇ ਰਹੇ ਸਨ ਤਾਂ ਦੋ ਕਿਸਾਨ ਸਮਰਥਕਾਂ ਨੇ ਪ੍ਰੋਗਰਾਮ ਵਾਲੀ ਥਾਂ ’ਤੇ ਪੁੱਜ ਕੇ ਭਾਜਪਾ ਖਿਲਾਫ਼ ਨਾਅਰੇਬਾਜ਼ੀ ਕੀਤੀ ਜਿਨ੍ਹਾਂ ਨੂੰ ਪੁਲੀਸ ਸੁਰੱਖਿਆ ਕਰਮੀਆਂ ਨੇ ਖਦੇੜ ਦਿੱਤਾ।