ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 11 ਜੂਨ
ਮੁਹਾਲੀ ਸ਼ਹਿਰ ਅਤੇ ਨੇੜਲੇ ਪਿੰਡਾਂ ਦੇ ਲੋਕ ਇਨ੍ਹੀਂ ਦਿਨੀਂ ਬਿਜਲੀ ਦੇ ਅਣਐਲਾਨੇ ਕੱਟਾਂ ਤੋਂ ਬੇਹੱਦ ਦੁਖੀ ਹਨ। ਬੀਤੇ ਕੱਲ੍ਹ ਵੀ ਦੇਰ ਸ਼ਾਮ ਆਏ ਤੇਜ਼ ਤੂਫ਼ਾਨ ਅਤੇ ਬਾਰਿਸ਼ ਤੋਂ ਬਾਅਦ ਅਚਾਨਕ ਬਿਜਲੀ ਗੁੱਲ ਹੋ ਗਈ ਅਤੇ ਕਈ ਇਲਾਕਿਆਂ ਵਿੱਚ ਪੂਰੀ ਬਿਜਲੀ ਨਹੀਂ ਆਈ। ਇੱਥੋਂ ਦੇ ਫੇਜ਼-2 ਦੇ ਵਸਨੀਕ ਜਸਪਾਲ ਸਿੰਘ ਤੇ ਹੋਰਨਾਂ ਵਿਅਕਤੀਆਂ ਨੇ ਦੱਸਿਆ ਕਿ ਬਿਜਲੀ ਸਪਲਾਈ ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ। ਦਿਨ ਵਿੱਚ ਵੀ ਪਤਾ ਨਹੀਂ ਕਦੋਂ ਬਿਜਲੀ ਗੁੱਲ ਹੋ ਜਾਵੇਗੀ ਅਤੇ ਕਦੋਂ ਵਾਪਸ ਆਵੇਗੀ। ਉਧਰ, ਇੱਥੋਂ ਦੇ ਵਾਰਡ ਨੰਬਰ-17 (ਫੇਜ਼-11) ਦੇ ਵਸਨੀਕਾਂ ਨੇ ਪਾਵਰਕੌਮ ਦੇ ਐਕਸੀਅਨ ਨੂੰ ਪੱਤਰ ਲਿਖ ਕੇ ਕਿਹਾ ਕਿ ਉਨ੍ਹਾਂ ਦੇ ਮੁਹੱਲੇ ਵਿੱਚ ਬਿਜਲੀ ਦੀ ਸਪਲਾਈ ਦਾ ਬਹੁਤ ਹੀ ਜ਼ਿਆਦਾ ਮਾੜਾ ਹਾਲ ਹੈ। ਘਰਾਂ ਵਿੱਚ ਲਾਈਟ ਹਰ ਸਮੇਂ ਘੱਟ-ਵੱਧ ਹੁੰਦੀ ਰਹਿੰਦੀ ਹੈ ਅਤੇ ਰਾਤ ਸਮੇਂ ਤਾਂ ਵੋਲਟੇਜ ਐਨੀ ਘੱਟ ਜਾਂਦੀ ਹੈ ਕਿ ਨਾ ਤਾਂ ਏਸੀ ਚਲਦਾ ਹੈ ਅਤੇ ਨਾ ਹੀ ਬਿਜਲੀ ਦੇ ਹੋਰ ਉਪਕਰਨ ਠੀਕ ਢੰਗ ਨਾਲ ਕੰਮ ਕਰਦੇ ਹਨ। ਪੀੜਤ ਲੋਕਾਂ ਨੇ ਦੱਸਿਆ ਕਿ ਬਿਜਲੀ ਦੇ ਵਾਰ-ਵਾਰ ਘੱਟ- ਵੱਧ ਹੋਣ ਕਾਰਨ ਕਈ ਘਰਾਂ ਦੇ ਬਿਜਲੀ ਦੇ ਉਪਕਰਨ ਸੜ ਚੁੱਕੇ ਹਨ।