ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ (ਮੁਹਾਲੀ), 10 ਮਾਰਚ
ਮੁਹਾਲੀ ਹਲਕੇ ਦੇ ਸ਼ਹਿਰੀ ਖੇਤਰ ਵਿੱਚੋਂ ਜਿੱਥੇ ਹਰ ਵਾਰਡ ਵਿੱਚ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਉੱਥੇ ਪੇਂਡੂ ਖੇਤਰ ਵਿੱਚ ਵੀ ਕਾਂਗਰਸੀ ਉਮੀਦਵਾਰ ਬਲਬੀਰ ਸਿੱਧੂ ਦੀ ਹਾਲਤ ਕਾਫ਼ੀ ਪਤਲੀ ਰਹੀ। ਸਿੱਧੂ ਨੂੰ ਸਿਰਫ਼ ਪਿੰਡ ਰਾਏਪੁਰ (ਦਾਊਂ ਨੇੜਲਾ) ਤੋਂ 169 ਵੋਟਾਂ ਦੀ ਲੀਡ, ਪਿੰਡ ਦੈੜੀ ਤੋਂ 20 ਵੋਟਾਂ ਦੀ ਲੀਡ, ਪਿੰਡ ਕੁਰੜਾ ਤੋਂ 35 ਵੋਟਾਂ ਦੀ ਲੀਡ ਅਤੇ ਪਿੰਡ ਕੁਰੜੀ ਤੋਂ 205 ਵੋਟਾਂ ਦੀ ਲੀਡ ਮਿਲੀ ਜਦਕਿ ਸਮੁੱਚੇ ਵੱਡੇ ਪਿੰਡਾਂ ਜਿਨ੍ਹਾਂ ਵਿੱਚ ਸੋਹਾਣਾ ਤੋਂ 1147 ਵੋਟਾਂ, ਮਨੌਲੀ ਤੋਂ 665 ਵੋਟਾਂ, ਬਾਕਰਪੁਰ ਤੋਂ 536 ਵੋਟਾਂ, ਮੋਟੇਮਾਜਰਾ ਤੋਂ 674 ਵੋਟਾਂ, ਸਨੇਟਾ ਤੋਂ 410 ਵੋਟਾਂ, ਮੌਲੀ ਬੈਦਵਾਣ ਤੋਂ 394 ਵੋਟਾਂ, ਰਾਏਪੁਰ ਕਲਾਂ ਤੋਂ 352 ਵੋਟਾਂ ਨਾਲ ਆਮ ਆਦਮੀ ਪਾਰਟੀ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਮੁਹਾਲੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਹਲਕੇ ਦੇ ਵੋਟਰਾਂ ਵੱਲੋਂ ਦਿੱਤੇ ਫ਼ਤਵੇ ਨੂੰ ਸਿਰ ਮੱਥੇ ਪ੍ਰਵਾਨ ਕਰਨ ਦੀ ਗੱਲ ਆਖੀ ਹੈ।
ਉਨ੍ਹਾਂ ਚੋਣ ਮੁਹਿੰਮ ਦੌਰਾਨ ਉਨ੍ਹਾਂ ਦੇ ਹੱਕ ਵਿੱਚ ਦਿਨ-ਰਾਤ ਮਿਹਨਤ ਕਰਨ ਵਾਲੇ ਸਮੁੱਚੇ ਪਾਰਟੀ ਵਰਕਰਾਂ, ਆਗੂਆਂ, ਪੰਚਾਂ-ਸਰਪੰਚਾਂ ਅਤੇ ਕੌਂਸਲਰਾਂ ਦਾ ਧੰਨਵਾਦ ਕੀਤਾ।
ਕਾਂਗਰਸੀ ਆਗੂ ਵੱਲੋਂ ਰੱਖਿਆ ਸੱਭਿਆਚਾਰਕ ਪ੍ਰੋਗਰਾਮ ਬਣਿਆ ਚਰਚਾ ਦਾ ਵਿਸ਼ਾ
ਮੁਹਾਲੀ ਦੀ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਜਸਵਿੰਦਰ ਕੌਰ ਦੁਰਾਲੀ ਦੇ ਪਤੀ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਧਿਆਨ ਸਿੰਘ ਦੁਰਾਲੀ ਵੱਲੋਂ ਅੱਜ ਆਪਣੇ ਪਿੰਡ ਦੇ ਨੇੜੇ ਵੱਡਾ ਸੱਭਿਆਚਾਰਕ ਪ੍ਰੋਗਰਾਮ ਰੱਖਿਆ ਗਿਆ ਸੀ ਤੇ ਉਨ੍ਹਾਂ ਨੂੰ ਸਿੱਧੂ ਦੇ ਜਿੱਤਣ ਦੀ ਪੂਰੀ ਉਮੀਦ ਸੀ। ਉਨ੍ਹਾਂ ਇਸ ਪ੍ਰੋਗਰਾਮ ਲਈ ਇੱਕ ਹਜ਼ਾਰ ਕੁਰਸੀ ਲਗਵਾਈ ਹੋਈ ਸੀ ਪਰ ਬਲਬੀਰ ਸਿੱਧੂ ਦੇ ਹਾਰਨ ਕਾਰਨ ਸਮਾਗਮ ਵਿੱਚ ਦਰਸ਼ਕ ਬਹੁਤ ਘੱਟ ਪਹੁੰਚੇ। ਪਿੰਡ ਦੁਰਾਲੀ ਤੋਂ ਵੀ ਕਾਂਗਰਸ ਦੀ ਹਾਰ ਕਾਰਨ ਵਿਰੋਧੀ ਧਿਰ ਵੱਲੋਂ ਸੋਸ਼ਲ ਮੀਡੀਆ ਉੱਤੇ ਇਸ ਪ੍ਰੋਗਰਾਮ ਸਬੰਧੀ ਚਰਚਾ ਹੁੰਦੀ ਰਹੀ ਤੇ ਕੁੱਝ ਕਲਾਕਾਰ ਬਿਨਾਂ ਗਾਇਆਂ ਹੀ ਵਾਪਿਸ ਪਰਤ ਗਏ।