ਹਰਜੀਤ ਸਿੰਘ
ਜ਼ੀਰਕਪੁਰ, 5 ਸਤੰਬਰ
ਬਲਟਾਣਾ ਖੇਤਰ ਵਿੱਚ ਪੈਂਦੇ ਹਰਮਿਲਾਪ ਨਗਰ ਵਿੱਚ ਰੇਲਵੇ ਲਾਈਨ ’ਤੇ ਅੰਡਰਪਾਥ ਬਣਾਉਣ ਦੀ ਮੰਗ ਲਈ ਲੋਕਾਂ ਵੱਲੋਂ ਮੁੜ ਤੋਂ ਸੰਘਰਸ਼ ਵਿੱਢ ਦਿੱਤਾ ਹੈ। ਇਸ ਮੌਕੇ ਰੋਹ ਵਿੱਚ ਲੋਕਾਂ ਨੇ ਬਲਟਾਣਾ ਤੋਂ ਚੰਡੀਗੜ੍ਹ ਅਤੇ ਪੰਚਕੂਲਾ ਨੂੰ ਜਾਂਦੀ ਸੜਕ ’ਤੇ ਜਾਮ ਲਾ ਕੇ ਪ੍ਰਸ਼ਾਸਨ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਮੁਜ਼ਾਹਰਾਕਾਰੀਆਂ ਵੱਲੋਂ ਕੁਝ ਦੇਰ ਲਈ ਅੰਬਾਲਾ-ਕਾਲਕਾ ਰੇਲਵੇ ਲਾਈਨ ਵੀ ਜਾਮ ਕਰ ਦਿੱਤੀ ਜਿਸ ਕਾਰਨ ਸ਼ਤਾਬਦੀ ਰੇਲਗੱਡੀ ਨੂੰ ਸੱਤ ਮਿੰਟ ਲਈ ਰੁਕਣਾ ਪਿਆ। ਰੇਲਵੇ ਅਤੇ ਸਥਾਨਕ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕਰ ਰੇਲਵੇ ਲਾਈਨ ਦਾ ਰੂਟ ਕਲੀਅਰ ਕੀਤਾ। ਇਸ ਮਗਰੋਂ ਲੋਕਾਂ ਵੱਲੋਂ ਰੇਲਵੇ ਫਾਟਕ ਦੇ ਨੇੜੇ ਸੜਕ ਦੇ ਵਿਚਕਾਰ ਧਰਨਾ ਲਾ ਕੇ ਜਾਮ ਲਾ ਦਿੱਤਾ ਗਿਆ। ਇਸ ਮੌਕੇ ਜੁਆਇੰਟ ਐਕਸ਼ਨ ਕਮੇਟੀ ਫ਼ਾਰ ਵੈੱਲਫੇਅਰ ਆਫ਼ ਬਲਟਾਣਾ ਦੇ ਪ੍ਰਧਾਨ ਪ੍ਰਤਾਪ ਸਿੰਘ ਰਾਣਾ ਸਣੇ ਹੋਰਨਾਂ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਅੰਬਾਲਾ-ਕਾਲਕਾ ਰੇਲਵੇ ਲਾਈਨ ’ਤੇ ਹਰਮਿਲਾਪ ਨਗਰ ਵਿੱਚ ਰੇਲਵੇ ਫਾਟਕ ਦੀ ਥਾਂ ’ਤੇ ਰੇਲਵੇ ਅੰਡਰਪਾਥ ਉਸਾਰਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹ ਇਸ ਮੰਗ ਨੂੰ ਲੈ ਕੇ ਸਥਾਨਕ ਲੋਕਾਂ ਵੱਲੋਂ ਸੰਘਰਸ਼ ਵਿੱਢਿਆ ਜਾ ਚੁੱਕਿਆ ਹੈ ਪਰ ਹਰ ਵਾਰ ਚੰਡੀਗੜ੍ਹ ਅਤੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਲਾਅਰਾ ਲਾ ਕੇ ਉਨ੍ਹਾਂ ਦਾ ਸੰਘਰਸ਼ ਖ਼ਤਮ ਕਰਵਾ ਦਿੱਤਾ ਗਿਆ ਪਰ ਹਾਲੇ ਤੱਕ ਸਮੱਸਿਆ ਜਿਉਂ ਦੀ ਤਿਉਂ ਹੈ। ਉਨ੍ਹਾਂ ਕਿਹਾ ਕਿ ਉਹ ਲੰਘੇ ਕਈਂ ਦਿਨਾਂ ਤੋਂ ਅਧਿਕਾਰੀਆਂ ਨੂੰ ਚਿਤਾਵਨੀ ਦੇ ਰਹੇ ਸਨ ਕਿ ਜੇਕਰ ਉਨ੍ਹਾਂ ਵੱਲੋਂ ਅੰਡਰਪਾਥ ਬਣਾਉਣ ਦਾ ਕੰਮ ਚਾਲੂ ਨਾ ਕੀਤਾ ਤਾਂ ਉਹ ਮੁੜ ਤੋਂ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਲੰਘੇ 20 ਸਾਲਾਂ ਤੋਂ ਇਹ ਸਮੱਸਿਆ ਬਣੀ ਹੋਈ ਹੈ ਅਤੇ ਫਾਟਕ ’ਤੇ ਸਾਰਾ ਦਿਨ ਲੱਗਣ ਵਾਲੇ ਜਾਮ ਕਾਰਨ ਤਕਰੀਬਨ 32 ਕਲੋਨੀਆਂ ਦੇ ਹਜ਼ਾਰਾਂ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਮੁਜ਼ਾਹਰਾਕਾਰੀਆਂ ਨੇ ਦੱਸਿਆ ਕਿ ਹੁਣ ਮੰਗ ਪੂਰੀ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਹੋਰ ਮਘਾਇਆ ਜਾਵੇਗਾ।