ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 2 ਦਸੰਬਰ
ਕੇਂਦਰ ਸਰਕਾਰ ਖ਼ਿਲਾਫ਼ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਲੜੀਵਾਰ ਚੱਲ ਰਿਹਾ ਸੰਘਰਸ਼ ਕਿਸੇ ਇਕ ਵਰਗ ਜਾਂ ਜਾਤੀ ਜਾਂ ਧਰਮ ਦਾ ਨਹੀਂ ਸਗੋਂ ਸਰਬ ਸਾਂਝੇ ਧਰਮਾਂ ਦਾ ਅੰਦੋਲਨ ਬਣ ਚੁੱਕਿਆ ਹੈ।
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਬਾਹਰ ਪੁਆਧ ਇਲਾਕਾ ਮੁਹਾਲੀ ਦੇ ਕਿਸਾਨਾਂ ਵੱਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਤੇ ਧਰਨਾ ਵੀਰਵਾਰ ਨੂੰ 180ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਅੱਜ ਕਿਸਾਨਾਂ ਦੇ ਹੱਕ ਵਿੱਚ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਭੁੱਖ-ਹੜਤਾਲ ’ਤੇ ਬੈਠ ਕੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਣ ਲਈ ਪਹਿਲਕਦਮੀ ਕੀਤੀ।
ਪੰਜਾਬ ਅਗੇਂਸਟ ਕੁਰੱਪਸ਼ਨ ਦੇ ਸੂਬਾਈ ਪ੍ਰਧਾਨ ਸਤਨਾਮ ਸਿੰਘ ਦਾਊਂ, ਐਡਵੋਕੇਟ ਤਾਲੀਮ ਅੰਸਾਰੀ, ਸਫੀ ਰਹਿਮਾਨ, ਮੁਹੰਮਦ ਸ਼ਰੀਫ਼, ਮੁਹੰਮਦ ਰਹਿਮਤ ਉਲਾ, ਮੁਹੰਮਦ ਅਨਵਰ, ਤਾਰਿਸ਼ ਸ਼ਮਸ਼ੇਰ ਮਲਿਕ (ਇਮਾਮ ਜਾਮਾਂ ਮਸਜਿਦ ਸੈਕਟਰ-45), ਮੁਤਉਜਾ ਕਾਸਮੀ, ਐਡਵੋਕੇਟ ਗਿਲਬਰਟ ਨੌਂਗਰੰਗ ਮੇਘਾਲਿਆ, ਰਾਜੀਵ ਸਿੰਗਲਾ ਮੰਡੀ ਗੋਬਿੰਦਗੜ੍ਹ, ਅਮਿਤ ਵਰਮਾ, ਰਾਜੀਵ ਦੀਵਾਨ ਅਤੇ ਐਡਵੋਕੇਟ ਲਵਨੀਤ ਠਾਕੁਰ ਅਤੇ ਮੁਸਲਿਮ ਵੈਲਫੇਅਰ ਐਸੋਸੀਏਸ਼ਨ ਅਤੇ ਚੰਡੀਗੜ੍ਹ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਸੀਟੀਯੂ ਚੰਡੀਗੜ੍ਹ ਵੱਲੋਂ ਸਰਵਣ ਸਿੰਘ, ਰਾਜ ਕੁਮਾਰ, ਅਜੀਤ ਕੁਮਾਰ, ਜਗਦੀਸ਼ ਸਿੰਘ, ਦਲਵਾਰ ਸਿੰਘ, ਧਿਆਨ ਸਿੰਘ, ਰਣਜੀਤ ਸਿੰਘ, ਸੁਰਿੰਦਰ ਸਿੰਘ ਫੌਜੀ, ਗੰਗਾ ਰਾਮ, ਅਮਰਜੀਤ ਸਿੰਘ ਤੇ ਗੁਰਦੀਪ ਸਿੰਘ ਭੁੱਖ ਹੜਤਾਲ ’ਤੇ ਬੈਠੇ।
ਸਤਨਾਮ ਸਿੰਘ ਦਾਊਂ ਨੇ ਕਿਹਾ ਕਿ ਭਾਜਪਾ, ਆਰਐੱਸਐੱਸ ਅਤੇ ਇਨ੍ਹਾਂ ਦੀ ਸੋਚ ਵਾਲੀਆਂ ਕੁਝ ਜਥੇਬੰਦੀਆਂ ਵੱਲੋਂ ਲੋਕਾਂ ਵਿੱਚ ਧਰਮਾਂ ਤੇ ਜਾਤਾਂ ਦੇ ਨਾਂ ਉੱਤੇ ਨਫ਼ਰਤ ਫੈਲਾਉਣ ਦਾ ਕੰਮ ਕੀਤਾ ਜਾ ਰਹਾ ਹੈ ਪ੍ਰੰਤੂ ਖੇਤੀ ਕਾਨੂੰਨਾਂ ਨੂੰ ਲੈ ਕੇ ਸ਼ੁਰੂ ਕੀਤੇ ਗਏ ਕਿਸਾਨ ਅੰਦੋਲਨ ਨੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕੀਤਾ ਹੈ।ਉਨ੍ਹਾਂ ਕਿਹਾ ਕਿ ਅੱਜ ਕਿਸਾਨਾਂ ਦੇ ਹੱਕ ਵਿੱਚ ਵੱਖ-ਵੱਖ ਧਰਮਾਂ ਦੇ ਲੋਕਾਂ ਵੱਲੋਂ ਭੁੱਖ-ਹੜਤਾਲ ਕਰਕੇ ਇਸ ਲੜੀ ਨੂੰ ਹੋਰ ਅੱਗੇ ਵਧਾਇਆ ਹੈ। ਸੀਟੀਯੂ ਜਥੇਬੰਦੀ ਦੇ ਪ੍ਰਧਾਨ ਜਗਦੀਸ਼ ਸਿੰਘ ਅਤੇ ਜਾਮਾ ਮਸਜਿਦ ਦੇ ਇਮਾਮ ਸ਼ਮਸ਼ੇਰ ਮਲਿਕ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।