ਕਰਮਜੀਤ ਸਿੰਘ ਚਿੱਲਾ
ਬਨੂੜ, 6 ਫਰਵਰੀ
ਇੱਥੇ ਅੱਜ ਸਮਾਜਿਕ ਕਾਰਕੁਨ ਜਗਤਾਰ ਸਿੰਘ ਜੱਗੀ, ਕੈਪਟਨ ਬੰਤ ਸਿੰਘ ਅਤੇ ਮੁਲਾਜ਼ਮ ਆਗੂ ਕਰਨੈਲ ਸਿੰਘ ਦੀ ਪਹਿਲਕਦਮੀ ਸਦਕਾ ਗੁੱਗਾ ਮਾੜੀ ਗਰਾਊਂਡ ਵਿੱਚ ਈਵੀਐਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਰਾਜਸੀ, ਸਮਾਜਿਕ ਅਤੇ ਕਿਸਾਨ ਜਥੇਬੰਦੀਆਂ ਦੇ ਸਥਾਨਕ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪਾਸ ਕੀਤੇ ਮਤੇ ਰਾਹੀਂ ਦੇਸ਼ ਵਿੱਚ ਲੋਕਤੰਤਰ ਦੀ ਮਜ਼ਬੂਤੀ ਲਈ ਸਮੁੱਚੀਆਂ ਚੋਣਾਂ ਈਵੀਐਮ ਦੀ ਥਾਂ ਬੈਲੇਟ ਪੇਪਰ ਰਾਹੀਂ ਕਰਾਏ ਜਾਣ ਦੀ ਮੰਗ ਕੀਤੀ ਗਈ। ਮੁਜ਼ਾਹਰਾਕਾਰੀਆਂ ਨੇ ਈਵੀਐਮ ਹਟਾਓ-ਲੋਕਤੰਤਰ ਬਚਾਓ ਦੇ ਨਾਅਰੇ ਲਗਾਏ।
ਇਸ ਮੌਕੇ ਇਕੱਤਰਤਾ ਨੂੰ ਉਪਰੋਕਤ ਪ੍ਰਬੰਧਕਾਂ ਤੋਂ ਬਿਨਾਂ ਅਕਾਲੀ ਆਗੂ ਸਾਧੂ ਸਿੰਘ ਖਲੌਰ, ਸਰਪੰਚ ਸਤਪਾਲ ਸਿੰਘ ਰਾਜੋਮਾਜਰਾ, ਅਕਾਲੀ ਦਲ ਦੇ ਐਸਸੀ ਵਿੰਗ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਡਾ. ਭੁਪਿੰਦਰ ਸਿੰਘ ਮਨੌਲੀ ਸੂਰਤ, ਸਮਾਜ ਸੇਵੀ ਦੀਦਾਰ ਸਿੰਘ ਬਨੂੜ, ‘ਆਪ’ ਆਗੂ ਕਰਮਜੀਤ ਸਿੰਘ ਹੁਲਕਾ, ਸਾਬਕਾ ਸੈਨਿਕ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪ੍ਰੇਮ ਸਿੰਘ ਬਨੂੜ, ਰਾਮ ਸਿੰਘ, ਅਵਤਾਰ ਸਿੰਘ ਮਨੌਲੀ ਸੂਰਤ, ਜਸਵੀਰ ਸਿੰਘ ਨੰਡਿਆਲੀ, ਬਹੁਜਨ ਮੁਕਤੀ ਪਾਰਟੀ ਦੇ ਸੂਬਾਈ ਕੁਲਦੀਪ ਸਿੰਘ ਈਸਾਪੁਰ ਤੇ ਲਖਮੀਰ ਸਿੰਘ ਬਡਾਲਾ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਆਖਿਆ ਕਿ ਈਵੀਐਮ ਮਸ਼ੀਨਾਂ ਦੀ ਭਰੋਸੇਯੋਗਤਾ ’ਤੇ ਲਗਾਤਾਰ ਸਵਾਲ ਉੱਠ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣ ਪ੍ਰਣਾਲੀ ਉੱਤੇ ਉੱਠ ਰਹੀ ਉਂਗਲ ਭਾਰਤ ਦੀ ਸ਼ਾਨਾਮੱਤੀ ਚੋਣ ਪ੍ਰਕਿਰਿਆ ਉੱਤੇ ਵੱਡਾ ਧੱਬਾ ਹੈ। ਉਨ੍ਹਾਂ ਕਿਹਾ ਕਿ ਹੁਕਮਰਾਨ ਧਿਰਾਂ ਉੱਤੇ ਈਵੀਐਮ ਦੀ ਦੁਰਵਰਤੋਂ ਕਰਨ ਦੇ ਲਗਾਤਾਰ ਲੱਗ ਰਹੇ ਦੋਸ਼ਾਂ ਨੂੰ ਮੁੱਖ ਚੋਣ ਕਮਿਸ਼ਨ ਵੱਲੋਂ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਅਮਰੀਕਾ ਤੇ ਹੋਰਨਾਂ ਕਈ ਵਿਕਸਿਤ ਦੇਸ਼ਾਂ ਨੇ ਈਵੀਐਮ ਪ੍ਰਣਾਲੀ ਨੂੰ ਵਰਤਣ ਉਪਰੰਤ ਇਸ ਪ੍ਰਣਾਲੀ ਵਿਚਲੀਆਂ ਖ਼ਾਮੀਆਂ ਨੂੰ ਦੇਖਦਿਆਂ ਈਵੀਐਮ ਦੀ ਵਰਤੋਂ ਬੰਦ ਕਰ ਦਿੱਤੀ ਹੈ ਤਾਂ ਭਾਰਤ ਵਿੱਚ ਇਸ ਦੀ ਵਰਤੋਂ ਨੂੰ ਜਾਰੀ ਰੱਖਣਾ ਜਿੱਥੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ, ਉੱਥੇ ਹੀ ਵੋਟਰਾਂ ਲਈ ਵੀ ਚਿੰਤਾ ਦਾ ਕਾਰਨ ਬਣ ਰਿਹਾ ਹੈ।