ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 2 ਮਈ
ਪਿਛਲੇ ਕਈ ਦਿਨਾਂ ਤੋਂ ਛਾਏ ਬਿਜਲੀ ਸੰਕਟ ਨੇ ਹਰ ਵਰਗ ਨੂੰ ਜਿੱਥੇ ਪ੍ਰੇਸ਼ਾਨ ਕਰ ਰੱਖਿਆ ਹੈ, ਉਥੇ ਪਿੰਡਾਂ ਵਿਚ ਲੋਕ ਸਖਤ ਗਰਮੀ ਦੇ ਮੌਸਮ ਦੌਰਾਨ ਹਾਲੋ ਬੇਹਾਲ ਹਨ। ਬਿਜਲੀ ਸਪਲਾਈ ਦੇ ਮੰਦੇ ਹਾਲ ਕਾਰਨ ਪੀਣ ਵਾਲੇ ਪਾਣੀ ਦੀ ਦਿੱਕਤ ਵੀ ਆ ਰਹੀ ਹੈ। ਮੁੱਲਾਂਪੁਰ ਗਰੀਬਦਾਸ ਅਤੇ ਨਵਾਂ ਗਾਉਂ ਇਲਾਕੇ ਵਿਚ ਬਿਜਲੀ, ਪਾਣੀ ਨਾ ਮਿਲਣ ਕਾਰਨ ਲੋਕਾਂ ਵਿਚ ਹਾਹਾਕਾਰ ਮਚੀ ਹੋਈ ਹੈ। ਅਰਵਿੰਦਪੁਰੀ,ਸੁਰਿੰਦਰ ਸਿੰਘ, ਬਹਾਦਰ ਸਿੰਘ, ਸੁਰਜੀਤ ਸਿੰਘ, ਸੋਨੀਆ, ਮੀਨਾ, ਸਵਿੱਤਰੀ, ਰਾਣੀ ਆਦਿ ਨੇ ਦੱਸਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਹ ਸਫ਼ਲ ਹੁੰਦੇ ਦਿਖਾਈ ਨਹੀਂ ਦੇ ਰਹੇ, ਕਿਉਂਕਿ ਲੋਕ ਉਨ੍ਹਾਂ ਦੇ ਕਥਿਤ ਲਾਰਿਆਂ ਤੋਂ ਤੰਗ ਆ ਗਏ ਹਨ। ਉਨ੍ਹਾਂ ਕਿਹਾ ਕਿ ਜਿੱਥੇ ਸਰਕਾਰ ਵੱਲੋਂ ਮੁਫਤ ਬਿਜਲੀ ਦੀ ਗਾਰੰਟੀ ਦਾ ਵਾਅਦਾ ਕੀਤਾ ਗਿਆ ਸੀ, ਅੱਜ ਪੰਜਾਬ ਵਿੱਚ ਬਿਜਲੀ ਮੁਫਤ ਤਾਂ ਕੀ ਮੁੱਲ ਦੀ ਬਿਜਲੀ ਵੀ ਕਿਤੇ ਨਜ਼ਰ ਨਹੀਂ ਆ ਰਹੀ। ਗਾਹੇ-ਬਗਾਹੇ ਲੋਕਾਂ ਵੱਲੋਂ ਬਿਜਲੀ ਗਰਿੱਡਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ ਪਰ ਬਿਜਲੀ ਮਹਿਕਮਾ ਇਹ ਕਹਿ ਕੇ ਪੱਲਾ ਝਾੜ ਦਿੰਦਾ ਹੈ ਕਿ ਪਿੱਛੋਂ ਹੀ ਸਪਲਾਈ ਬੰਦ ਹੈ। ਮੁੱਲਾਂਪੁਰ ਗਰੀਬਦਾਸ ਅਤੇ ਨਵਾਂ ਗਾਉਂ ਵਿੱਚ ਲੋਕ ਪਾਣੀ ਦੀ ਦਿੱਕਤ ਨਾਲ ਨਜਿੱਠਣ ਲਈ ਆਪਣੇ ਖਰਚਿਆਂ ਉਤੇ ਵਾਟਰ ਟੈਂਕਰਾਂ ਦਾ ਬੰਦੋਬਸਤ ਕਰ ਰਹੇ ਹਨ।
ਲਾਲੜੂ (ਪੱਤਰ ਪ੍ਰੇਰਕ) ਕੜਾਕੇ ਦੀ ਗਰਮੀ ਦੇ ਬਾਵਜੂਦ ਨਗਰ ਕੌਂਸਲ ਲਾਲੜੂ ਦੇ ਵਾਰਡ ਨੰਬਰ 6 ਅਤੇ 8 ਦੇ ਵਾਸੀ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ ਅਤੇ ਗੰਦਗੀ ਨਾਲ ਭਰੇ ਹੋਏ ਗੰਦੇ ਨਾਲਿਆਂ ਦੀ ਖਸਤਾ ਹਾਲਤ ਤੋਂ ਵੀ ਬੇਹੱਦ ਪ੍ਰੇਸ਼ਾਨ ਹਨ। ਸਥਾਨਕ ਵਾਸੀ ਕੇਸਰ ਸਿੰਘ ਟਿਵਾਣਾ, ਚਮਨ ਲਾਲ, ਪ੍ਰਕਾਸ਼ ਸਿੰਘ ਸੈਣੀ, ਬਾਬੂ ਲਾਲ, ਹਰੀ ਕ੍ਰਿਸ਼ਨ ਸ਼ਰਮਾ, ਰਾਮ ਜੀ ਦਾਸ, ਸੁਰਜੀਤ ਸਿੰਘ, ਅਸ਼ਵਨੀ ਗੁਪਤਾ ਨੇ ਦੱਸਿਆ ਕਿ ਸਰਦਾਰਪੁਰਾ ਮੁਹੱਲਾ, ਸੈਣੀ ਮਾਰਕੀਟ ਅਤੇ ਮਾਡਲ ਕਾਲੋਨੀ ਵਿੱਚ ਕਾਫੀ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਬਣੀ ਹੋਈ ਹੈ, ਪਾਣੀ ਦਾ ਪ੍ਰੈਸ਼ਰ ਠੀਕ ਨਾ ਹੋਣ ਕਾਰਨ ਕਈ ਘਰਾਂ ਤੱਕ ਪਾਣੀ ਪਹੁੰਚਦਾ ਹੀ ਨਹੀਂ ਹੈ। ਇਸ ਤੋਂ ਇਲਾਕਾ ਗਲੀਆਂ ਅਤੇ ਨਾਲੀਆਂ ਦੀ ਸਫ਼ਾਈ ਦਾ ਪ੍ਰਬੰਧ ਵੀ ਠੀਕ ਨਹੀਂ ਹੈ। ਖਸਤਾ ਹਾਲ ਟੁੱਟੇ ਹੋਏ ਨਾਲੇ ਗੰਦਗੀ ਨਾਲ ਭਰੇ ਪਏ ਹਨ। ਲੋਕਾਂ ਨੂੰ ਮਹਾਂਮਾਰੀ ਫੇੈਲਣ ਦਾ ਖਤਰਾ ਵੀ ਬਣਿਆ ਹੋਇਆ ਹੈ। ਸਥਾਨਕ ਵਾਸੀ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਮਿਲ ਕੇ ਆਪਣੀ ਸਮੱਸਿਆ ਦੱਸ ਚੁੱਕੇ ਹਨ। ਕੌਂਸਲ ਦੇ ਕਾਰਜਸਾਧਕ ਅਫਸਰ ਜਗਜੀਤ ਸਿੰਘ ਸਾਹੀ ਨੇ ਦੱਸਿਆ ਕਿ ਸਬੰਧਤ ਜੇ.ਈ ਅਤੇ ਸਫ਼ਾਈ ਸੁਪਰਡੈਂਟ ਨੂੰ ਮੌਕੇ ’ਤੇ ਭੇਜ ਕੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਪੀਣ ਵਾਲੇ ਪਾਣੀ ਅਤੇ ਸਫ਼ਾਈ ਦੀ ਸਮੱਸਿਆ ਨੂੰ ਹੱਲ ਕਰ ਲਿਆ ਜਾਵੇਗਾ।