ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 11 ਨਵੰਬਰ
ਪੰਜਾਬ ਸਰਕਾਰ ਅਤੇ ਪੁਲੀਸ ਵਧੀਕੀਆਂ ਖ਼ਿਲਾਫ਼ ਪੀੜਤ ਲੋਕ ਮੁੜ ਸੜਕਾਂ ’ਤੇ ਉਤਰ ਆਏ ਹਨ। ਅੱਜ ਇੱਥੋਂ ਦੇ ਫੇਜ਼-7 ਸਥਿਤ ਲਾਲ ਬੱਤੀ ਚੌਕ ਨੇੜੇ ਪਿੰਡ ਸਮਗੌਲੀ ਦੇ ਪੀੜਤ ਪਰਿਵਾਰ ਜ਼ਮੀਨ ਵਿਵਾਦ ਕਾਰਨ ਲੜੀਵਾਰ ਧਰਨੇ ਵਿੱਚ ਪਹੁੰਚੇ ਅਤੇ ਝੂਠੇ ਕੇਸ ਦਰਜ ਕਰਨ ਵਿਰੁੱਧ ਦਲਿਤ ਆਗੂ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਹੇਠ ਮੁਜ਼ਾਹਰਾ ਕੀਤਾ। ਇਸ ਦੌਰਾਨ ਜਿਵੇਂ ਹੀ ਦਲਿਤ ਸੰਗਠਨਾਂ ਦੇ ਨੁਮਾਇੰਦੇ ਅਤੇ ਪੀੜਤ ਪਰਿਵਾਰਾਂ ਨੇ ਐੱਸਐੱਸਪੀ ਦਫ਼ਤਰ ਦਾ ਘਿਰਾਓ ਕਰਨ ਲਈ ਚਾਲੇ ਪਾਉਣ ਦਾ ਯਤਨ ਕੀਤਾ ਤਾਂ ਡੀਐਸਪੀ ਨਵੀਨਪਾਲ ਸਿੰਘ ਲਹਿਲ, ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਰੁਪਿੰਦਰ ਸਿੰਘ ਅਤੇ ਮਟੌਰ ਥਾਣਾ ਦੇ ਐੱਸਐੱਚਓ ਅਮਨਦੀਪ ਤਰੀਕਾ ਪੁਲੀਸ ਫੋਰਸ ਨਾਲ ਮੌਕੇ ’ਤੇ ਪਹੁੰਚ ਤੇ ਮੰਗ ਪੱਤਰ ਹਾਸਲ ਕਰ ਕੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ।
ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ ਪਿੰਡ ਸਮਗੌਲੀ ਵਿੱਚ ਜ਼ਮੀਨ ਵਿਵਾਦ ਨੂੰ ਲੈ ਕੇ ਵਿਰੋਧੀ ਧਿਰ ਨੇ ਸਿਆਸੀ ਦਬਾਅ ਨਾਲ ਦੂਜੀ ਧਿਰ ਦੇ ਕੁੱਝ ਮੈਂਬਰਾਂ ਖ਼ਿਲਾਫ਼ ਝੂਠੇ ਕੇਸ ਦਰਜ ਕਰਵਾ ਦਿੱਤੇ ਸਨ। ਉਨ੍ਹਾਂ ਕਿਹਾ ਕਿ ਬਦਲਾਅ ਲਿਆਉਣ ਦਾ ਵਾਅਦਾ ਕਰ ਕੇ ਸੱਤਾ ਵਿੱਚ ਆਈ ‘ਆਪ’ ਨੇ ਲੋਕਤੰਤਰ ਦਾ ਘਾਣ ਕੀਤਾ ਹੈ। ਲਖਵੀਰ ਸਿੰਘ ਵਡਾਲਾ ਨੇ ਕਿਹਾ ਕਿ ‘ਆਪ’ ਸਰਕਾਰ ਦੇ ਢਾਈ ਸਾਲਾਂ ਦੇ ਸ਼ਾਸਨ ਵਿੱਚ ਐਸਸੀ\ਬੀਸੀ ਲੋਕਾਂ ’ਤੇ ਅੱਤਿਆਚਾਰ ਵਧੇ ਹਨ। ਕਮੇਟੀ ਮੈਂਬਰ ਲਖਵਿੰਦਰ ਸਿੰਘ ਤੇ ਰਣਜੀਤ ਸਿੰਘ ਨੇ ਦੱਸਿਆ ਕਿ 18 ਜੁਲਾਈ ਨੂੰ ਜਸਵੀਰ ਸਿੰਘ ਸਣੇ ਛੇ ਮੈਂਬਰਾਂ ’ਤੇ ਕੇਸ ਦਰਜ ਕੀਤਾ ਗਿਆ ਸੀ। ਇਸ ਮੌਕੇ ਸਰਪੰਚ ਪ੍ਰਭਦਿਆਲ, ਪ੍ਰਿੰਸੀਪਲ ਬਨਵਾਰੀ ਲਾਲ, ਸ਼ਿਵੰਦਰ ਸਿੰਘ, ਹਰਨੇਕ ਸਿੰਘ ਮਲੋਆ, ਗੁਰਨਾਮ ਕੌਰ ਨੇ ਵੀ ਸੰਬੋਧਨ ਕੀਤਾ।