ਸਰਬਜੀਤ ਸਿੰਘ ਭੱਟੀ
ਲਾਲੜੂ, 18 ਅਪਰੈਲ
ਨਗਰ ਕੌਂਸਲ ਲਾਲੜੂ ਅਧੀਨ ਆਉਂਦੇ ਪਿੰਡ ਦੱਪਰ ਦੇ ਵਾਰਡ ਨੰਬਰ 2 ਦੇ ਬਾਲਮੀਕ ਮੁਹੱਲੇ ਵਿੱਚ ਪਿਛਲੇ ਚਾਰ ਸਾਲਾਂ ਤੋਂ ਗੰਦੇ ਪਾਣੀ ਦਾ ਯੋਗ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਿਸੇ ਵੇਲੇ ਵੀ ਮਹਾਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ।
ਵਾਰਡ ਨਿਵਾਸੀ ਹੈਪੀ ਗੁਪਤਾ, ਰਾਜੂ, ਪ੍ਰਕਾਸ਼ ਤੇ ਜਰਨੈਲ ਨੇ ਦੱਸਿਆ ਕਿ ਬਾਲਮੀਕ ਮੁਹੱਲੇ ਵਿੱਚ ਖਸਤਾ ਹਾਲ ਗਲੀਆਂ ਤੇ ਨਾਲੀਆਂ ਹਨ। ਨਗਰ ਕੌਂਸਲ ਲਾਲੜੂ ਵੱਲੋਂ ਪਿਛਲੇ ਅੱਠ ਸਾਲਾਂ ਦੌਰਾਨ ਕਰੋੜਾਂ ਰੁਪਏ ਦੀ ਲਾਗਤ ਨਾਲ ਸੀਵਰੇਜ ਸਿਸਟਮ ਦੀਆਂ ਪਾਈਪ ਲਾਈਨਾਂ ਪਾਈਆਂ ਗਈਆਂ ਹਨ। ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਘਰਾਂ ਦਾ ਗੰਦਾ ਤੇ ਦੂਸ਼ਿਤ ਪਾਣੀ ਗਲੀਆਂ ਤੇ ਨਾਲੀਆਂ ’ਚ ਖੜ੍ਹਾ ਹੈ ਅਤੇ ਸਫ਼ਾਈ ਦਾ ਬੁਰਾ ਹਾਲ ਹੈ। ਲੋਕਾਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਵੋਟਾਂ ਲੈਣ ਸਮੇਂ ਸਾਰੇ ਵੱਡੇ ਵੱਡੇ ਵਾਅਦੇ ਕਰਦੇ ਹਨ ਪਰ ਬਾਅਦ ਵਿੱਚ ਭੁੱਲ ਜਾਂਦੇ ਹਨ। ਵਾਰਡ ਨੰਬਰ 2 ਦੇ ਕੌਂਸਲਰ ਬਲਕਾਰ ਸਿੰਘ ਨੇ ਦੱਸਿਆ ਕਿ ਇਸ ਮੁਹੱਲੇ ਦੀਆਂ ਗਲੀਆਂ-ਨਾਲੀਆਂ ਕੌਂਸਲ ਵੱਲੋਂ ਛੇਤੀ ਹੀ ਪਹਿਲ ਦੇ ਆਧਾਰ ’ਤੇ ਬਣਾਈਆਂ ਜਾਣਗੀਆਂ।