ਸਰਬਜੀਤ ਸਿੰਘ ਭੱਟੀ
ਲਾਲੜੂ, 19 ਅਪਰੈਲ
ਲਾਲੜੂ ਖੇਤਰ ਵਿੱਚ ਫੈਲ ਰਹੇ ਪ੍ਰਦੂਸ਼ਣ ਕਾਰਨ ਇਲਾਕੇ ਦੇ ਲੋਕਾਂ ਦਾ ਜਿਊਣਾ ਮੁਹਾਲ ਹੁੰਦਾ ਜਾ ਰਿਹਾ ਹੈ। ਇਲਾਕੇ ਦੀਆਂ ਬਰਸਾਤੀ ਨਦੀਆਂ, ਨਾਲੇ ਤੇ ਚੋਅ ਫੈਕਟਰੀਆਂ ਦੀ ਗੰਦਗੀ ਨਾਲ ਭਰੇ ਪਏ ਹਨ, ਪਰ ਪੰਜਾਬ ਸਰਕਾਰ ਦੇ ਕੰਨਾਂ ’ਤੇ ਜੂੁੰ ਤੱਕ ਨਹੀਂ ਸਰਕ ਰਹੀ। ਇਲਾਕਾ ਵਾਸੀਆਂ ਨੇ ਪ੍ਰਦੂੁਸ਼ਣ ’ਤੇ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਜੇਕਰ ਸਮਾਂ ਰਹਿੰਦੇ ਲੋੜੀਂਦੇ ਕਦਮ ਨਾ ਉਠਾਏ ਗਏ ਤਾਂ ਇਕ ਦਿਨ ਆਵੇਗਾ ਕਿ ਇਲਾਕੇ ਵਿੱਚ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਹੋ ਜਾਵੇਗਾ। ਇਲਾਕਾ ਵਾਸੀਆਂ ਨੇ ਰੋਸ ਪ੍ਰਗਟ ਕਰਦੇ ਹੋਏ ਦੋਸ਼ ਲਗਾਇਆ ਕਿ ਲਾਲੜੂ ਖੇਤਰ ਵਿੱਚ ਧਾਗਾ, ਗੱਤਾ, ਕੱਪੜਾ, ਕੈਮੀਕਲ ਤੇ ਦਵਾਈਆਂ ਬਣਾਉਣ ਵਾਲੀਆਂ ਫੈਕਟਰੀਆਂ ਤੇ ਹੋਰ ਸਨਅਤਾਂ ਵੱਲੋਂ ਵੱਡੀ ਪੱਧਰ ’ਤੇ ਪ੍ਰਦੁੂਸ਼ਣ ਫੈਲਾਇਆ ਜਾ ਰਿਹਾ ਹੈ। ਬਰਸਾਤੀ ਨਦੀਆਂ, ਨਾਲੇ, ਚੋਅ ਇਨ੍ਹਾਂ ਫੈਕਟਰੀਆਂ ਦੇ ਗੰਦੇ ਤੇ ਦੂਸ਼ਿਤ ਪਾਣੀ ਨਾਲ ਭਰੇ ਪਏ ਹਨ। ਉੱਧਰ, ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਇਲਾਕੇ ਵਿਚਲੀ ਇੱਕ ਫੈਕਟਰੀ ਦਾ ਦੌਰਾ ਕਰਨ ਮਗਰੋਂ ਕਿਹਾ ਕਿ ਪ੍ਰਦੂਸ਼ਣ ਫੈਲਾਉਣ ਵਾਲੀਆਂ ਸਨਅਤਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।