ਪੀਪੀ ਵਰਮਾ
ਪੰਚਕੂਲਾ, 20 ਜੂਨ
ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਪਰਵਾਣੂ ਟਿੰਬਰ ਟਰੇਲ ਵਿੱਚ ਇੱਕ ਕੇਬਲ ਕਾਰ ਟਰਾਲੀ ਤਕਨੀਕੀ ਖਰਾਬੀ ਕਾਰਨ ਰਾਹ ਵਿੱਚ ਹੀ ਰੁਕ ਗਈ, ਜਿਸ ਕਾਰਨ ਪੰਜ ਔਰਤਾਂ ਸਮੇਤ 11 ਸੈਲਾਨੀ ਹਵਾ ਵਿੱਚ ਲਟਕ ਗਏ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਛੇ ਘੰਟਿਆਂ ਤੱਕ ਚੱਲੀ ਮੁਹਿੰਮ ਮਗਰੋਂ ਸਾਰੇ ਸੈਲਾਨੀਆਂ ਨੂੰ ਬਚਾਅ ਲਿਆ ਗਿਆ ਹੈ। ਸੂਬਾ ਆਫ਼ਤ ਪ੍ਰਬੰਧਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਰੀਬ ਗਿਆਰਾਂ ਵਜੇ ਕੇਬਲ ਕਾਰ ਟਰਾਲੀ ਦੇ ਰੁਕਣ ਦੀ ਜਾਣਕਾਰੀ ਮਿਲੀ ਸੀ। ਸੋਲਨ ਦੇ ਪੁਲੀਸ ਅਧਿਕਾਰੀ ਵਰੇਂਦਰ ਸ਼ਰਮਾ ਨੇ ਦੱਸਿਆ ਕਿ ਸੈਲਾਨੀਆਂ ਨੂੰ ਬਚਾਉਣ ਲਈ ਇੱਕ ਹੋਰ ਕੇਬਲ ਟਰਾਲੀ ਭੇਜੀ ਗਈ ਸੀ। ਇਸ ਮੌਕੇ ਐੱਨਡੀਆਰਐੱਫ ਦਾ ਇੱਕ ਦਲ ਵੀ ਮੌਕੇ ’ਤੇ ਮੌਜੂਦ ਸੀ। ਜਾਣਕਾਰੀ ਅਨੁਸਾਰ ਟਿੰਬਰ ਟਰੇਲ ਵਿੱਚ ਫਸੇ ਸਾਰੇ ਸੈਲਾਨੀ ਦਿੱਲੀ ਦੇ ਰਹਿਣ ਵਾਲੇ ਸਨ। ਟਿੰਬਲ ਟਰੇਨ ਵਿੱਚੋਂ ਸੁਰੱਖਿਅਤ ਬਾਹਰ ਆਏ ਆਨੰਦ ਗੋਇਲ ਨੇ ਦੱਸਿਆ ਕਿ ਉਹ ਇਸ ਹਾਦਸੇ ਦੌਰਾਨ ਵਾਲ-ਵਾਲ ਬਚਣ ਲਈ ਪਰਮਾਤਮਾ ਦੇ ਸ਼ੁਕਰਗੁਜ਼ਾਰ ਹਨ ਕਿਉਂਕਿ ਰੱਸੀ ਸਹਾਰੇ ਜੰਗਲ ਵਿੱਚ ਉੱਤਰਨਾ ਉਨ੍ਹਾਂ ਲਈ ਬੇਹੱਦ ਮੁਸ਼ਕਲ ਸੀ। ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹਾਦਸੇ ਬਾਰੇ ਗੱਲ ਕਰਦਿਆਂ ਕਿਹਾ ਕਿ ਸੂਬੇ ਵਿੱਚ ਜਿੱਥੇ-ਜਿੱਥੇ ਵੀ ਰੋਪ ਵੇਅ ਬਣਾਏ ਗਏ ਹਨ, ਉੱਥੇ ਦੇ ਜ਼ਿਲ੍ਹਾ ਅਧਿਕਾਰੀ ਜਾਂਚ ਕਰਕੇ ਇਹ ਯਕੀਨੀ ਬਣਾਉਣ ਕਿ ਰੋਪ ਵੇਅ ਠੀਕ ਢੰਗ ਨਾਲ ਕੰਮ ਕਰ ਰਹੇ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਕਦੇ-ਕਦੇ ਅਜਿਹੇ ਹਾਦਸੇ ਨਿਰਾਸ਼ਾ ਦਾ ਮਾਹੌਲ ਪੈਦਾ ਕਰ ਦਿੰਦੇ ਹਨ, ਇਸ ਲਈ ਭਵਿੱਖ ਵਿੱਚ ਸੈਲਾਨੀਆਂ ਦੀ ਰੱਖਿਆ ਯਕੀਨੀ ਬਣਾਈ ਜਾਵੇਗੀ।
1992 ਵਿੱਚ ਵੀ ਵਾਪਰੀ ਸੀ ਘਟਨਾ
ਪੰਚਕੂਲਾ: ਇਸ ਤੋਂ ਪਹਿਲਾਂ 1992 ਵਿੱਚ ਵੀ ਇੱਥੇ ਅਜਿਹੀ ਹੀ ਘਟਨਾ ਵਾਪਰੀ ਸੀ। 1992 ਵਿੱਚ ਟਿੰਬਰ ਹਾਈਟਸ ਤੋਂ ਟਿੰਬਰ ਟਰੇਲ ਵਿਚਾਲੇ ਚੱਲ ਰਹੀ ਇੱਕ ਕੇਬਲ ਕਾਰ ’ਚ ਇੱਕ ਵੱਡਾ ਹਾਦਸਾ ਹੋਇਆ ਸੀ। ਇਹ ਘਟਨਾ 13 ਅਕਤੂਬਰ 1992 ਦੀ ਹੈ। ਉਸ ਵੇਲੇ ਕੇਬਲ ਕਾਰ ਵਿੱਚ 11 ਲੋਕ ਸਵਾਰ ਸਨ। ਜਦੋਂ ਕੇਬਲ ਕਾਰ ਡਾਊਨ ਸਟੇਸ਼ਨ ’ਤੇ ਪਹੁੰਚਣ ਵਾਲੀ ਸੀ ਤਾਂ ਉਸ ਦੀਆਂ ਤਿੰਨ ਕੇਬਲਾਂ ’ਚੋਂ ਦੋ ਟੁੱਟ ਗਈਆਂ ਸਨ। ਉਪਰੰਤ ਟਰਾਲੀ ਪਿੱਛੇ ਵੱਲ ਨੂੰ ਖਿਸਕਣ ਲੱਗੀ ਅਤੇ ਕਰੀਬ ਇੱਕ ਮੀਲ ਪਿੱਛੇ ਜਾਣ ਤੋਂ ਬਾਅਦ ਇਹ 4620 ਫੁੱਟ ਦੀ ਉਚਾਈ ’ਤੇ ਜਾ ਕੇ ਫਸ ਗਈ। ਉਸ ਮਗਰੋਂ ਥਲ ਸੈਨਾ ਅਤੇ ਹਵਾਈ ਸੈਨਾ ਨੇ ਬਚਾਅ ਕਾਰਜ ਸ਼ੁਰੂ ਕੀਤਾ। ਫ਼ੌਜ ਦੇ ਜਵਾਨਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਬਾਕੀ ਸਾਰੇ ਯਾਤਰੀਆਂ ਨੂੰ ਬਚਾਅ ਲਿਆ ਸੀ।