ਕੁਲਦੀਪ ਸਿੰਘ
ਚੰਡੀਗੜ੍ਹ, 15 ਜਨਵਰੀ
ਪੀਜੀਆਈ ਮੈਡੀਕਲ ਟੈਕਨੋਲੋਜਿਸਟਸ ਐਸੋਸੀਏਸ਼ਨ ਨੇ ਸੁਪਰੀਮ ਕੋਰਟ ਦੇ 11 ਜਨਵਰੀ 2019 ਵਾਲੇ ਫ਼ੈਸਲੇ ਨੂੰ ਲਾਗੂ ਨਾ ਕੀਤੇ ਜਾਣ ਵਿਰੁੱਧ ਪੀਜੀਆਈ ਮੈਨੇਜਮੈਂਟ ਖਿਲਾਫ਼ ਸਲੋਗਨ ਲਿਖੀਆਂ ਤਖ਼ਤੀਆਂ ਫੜ ਕੇ ਆਪਣਾ ਰੋੋਸ ਪ੍ਰਗਟਾਟਿਆ। ਇਸ ਤਹਿਤ ਉਨ੍ਹਾਂ ਕਾਰ-ਸਕੂਟਰ ਰੈਲੀ ਵੀ ਕੱਢੀ। ਇਹ ਰੈਲੀ ਪੀਜੀਆਈ ਦੇ ਗੇਟ ਤੋਂ ਸ਼ੁਰੂ ਹੋ ਕੇ ਸੈਕਟਰ 25 ਸਥਿਤ ਰੈਲੀ ਗਰਾਊਂਡ ’ਚ ਖ਼ਤਮ ਹੋਈ ਜਿੱਥੇ ਤਕਨੀਸ਼ੀਅਨਾਂ ਨੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦਾ ਪੁਤਲਾ ਫੂਕਿਆ।
ਰੈਲੀ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਸ਼ਵਨੀ ਮੁੰਜਾਲ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਇਸ ਫ਼ੈਸਲੇ ਵਿੱਚ ਲਗਾਤਾਰ 8 ਸਾਲ ਦੀ ਸੇਵਾ ਪੂਰੀ ਕਰਨ ’ਤੇ ਬੈਕਲਾਗ ਪ੍ਰਮੋਸ਼ਨ ਸਕੀਮ ਸਮੇਤ ਹੋਰ ਕਈ ਮੱਦਾਂ ਸ਼ਾਮਲ ਹਨ ਪ੍ਰੰਤੂ ਇੰਸਟੀਚਿਊਟ ਦਾ ਪ੍ਰਬੰਧਨ ਇਸ ਫ਼ੈਸਲੇ ਨੂੰ ਲਾਗੂ ਨਹੀਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਚੌਥੀ ਕਾਰ ਤੇ ਸਕੂਟਰ ਰੈਲੀ ਕੱਢ ਕੇ ਪੀਜੀਆਈ ਪ੍ਰਸ਼ਾਸਨ ਅਤੇ ਕੇਂਦਰੀ ਸਿਹਤ ਮੰਤਰਾਲੇ ਦਾ ਧਿਆਨ ਆਪਣੀਆਂ ਮੰਗਾਂ ਵੱਲ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਹੁਣ ਅਗਲਾ ਪ੍ਰੋਗਰਾਮ 19 ਜਨਵਰੀ ਤੋਂ ਰੋਜ਼ਾਨਾ ਲੰਚ ਟਾਈਮ ਵਿੱਚ ਪੀਜੀਆਈ ਦੇ ਡਾਇਰੈਕਟਰ ਦਫ਼ਤਰ ਦੇ ਬਾਹਰ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਜਾਇਆ ਕਰੇਗਾ।