ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 6 ਜਨਵਰੀ
ਜ਼ਿਲ੍ਹਾ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਇੱਥੋਂ ਦੇ ਫੇਜ਼-2 ਸਥਿਤ ਐੱਚਆਈਜੀ ਮਕਾਨਾਂ ਦੇ ਨਾਲ ਖਾਲੀ ਪਈ ਗਮਾਡਾ ਦੀ 2 ਏਕੜ ਰਕਬਾ ਕਥਿਤ ਤੌਰ ’ਤੇ ਨਸ਼ੇੜੀਆਂ ਅਤੇ ਸ਼ਰਾਰਤੀ ਅਨਸਰਾਂ ਦਾ ਅੱਡਾ ਬਣਨ ਕਾਰਨ ਰਿਹਾਇਸ਼ੀ ਖੇਤਰ ਦੇ ਲੋਕ ਬਹੁਤ ਔਖੇ ਹਨ। ਲੇਕਿਨ ਪੁਲੀਸ, ਗਮਾਡਾ ਜਾਂ ਨਗਰ ਨਿਗਮ ਇਸ ਗੱਲੋਂ ਬਿਲਕੁਲ ਬੇਖ਼ਬਰ ਹਨ। ਰੈਜ਼ੀਡੈਂਟ ਵੈੱਲਫੇਅਰ ਐਚਆਈਜੀ ਕੰਪਲੈਕਸ ਫੇਜ਼-2 ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਪਿੰਡ ਮਦਨਪੁਰ ਨਾਲ ਲੱਗਦਾ ਉਕਤ ਰਕਬਾ ਗਮਾਡਾ ਦੀ ਮਲਕੀਅਤ ਹੈ ਅਤੇ ਇਸ ਦੇ ਆਲੇ ਦੁਆਲੇ ਚਾਰਦੀਵਾਰੀ ਕੀਤੀ ਗਈ ਸੀ, ਜੋ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਤੋੜ ਦਿੱਤੀ ਗਈ ਅਤੇ ਮੌਜੂਦਾ ਸਮੇਂ ਇਹ ਜ਼ਮੀਨ ਨਸ਼ੇੜੀਆਂ ਦਾ ਅੱਡਾ ਬਣ ਗਈ ਹੈ। ਇੱਥੇ ਘੁੰਮਦੇ ਸ਼ੱਕੀ ਕਿਸਮ ਦੇ ਲੋਕਾਂ ਵੱਲੋਂ ਉਨ੍ਹਾਂ ਦੇ ਘਰਾਂ ਦੀ ਰੇਕੀ ਕਰਨ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ। ਇਸ ਤੋਂ ਇਲਾਵਾ ਇਸ ਖੇਤਰ ਗੰਦਗੀ ਦੀ ਭਰਮਾਰ ਹੈ। ਜਨਰਲ ਸਕੱਤਰ ਹਰਮੀਤ ਸਿੰਘ ਗੁਜਰਾਲ ਅਤੇ ਕੈਸ਼ੀਅਰ ਓਂਕਾਰ ਮਲਹੋਤਰਾ ਨੇ ਕਿਹਾ ਕਿ ਇੱਥੇ ਮਦਨਪੁਰਾ ਦੇ ਲੋਕ ਗੋਹਾ, ਕੂੜਾ ਅਤੇ ਹੋਰ ਗੰਦਗੀ ਸੁੱਟਦੇ ਹਨ। ਮੁਰਗਿਆਂ ਅਤੇ ਮੀਟ ਦੀ ਰਹਿੰਦ ਖੂੰਹਦ ਵੀ ਸੁੱਟੀ ਜਾ ਰਹੀ ਹੈ, ਜਿਸ ਕਾਰਨ ਆਵਾਰਾ ਕੁੱਤਿਆਂ ਦੀ ਦਹਿਸ਼ਤ ਹੈ। ਰਾਤ ਵੇਲੇ ਕੁਝ ਲੋਕ ਇੱਥੇ ਰੇਹੜੀਆਂ ਖੜ੍ਹੀਆਂ ਕਰਕੇ ਗਾਇਬ ਹੋ ਜਾਂਦੇ ਹਨ ਤੇ ਸ਼ਰਾਰਤੀ ਅਨਸਰ ਸ਼ੋਰ ਮਚਾਉਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਜ਼ਮੀਨ ਦੁਆਲੇ ਚਾਰਦੀਵਾਰੀ ਕੀਤੀ ਜਾਵੇ।