ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 18 ਮਾਰਚ
ਮੁਹਾਲੀ ਪੁਲੀਸ ਵੱਲੋਂ ਬੀਤੇ ਕੁਝ ਦਿਨਾਂ ਤੋਂ ਸ਼ਹਿਰ ਦੇ ਵੱਖ-ਵੱਖ ਧਾਰਮਿਕ ਸਥਾਨਾਂ ਵਿੱਚ ਦਾਖ਼ਲ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਦੀਆਂ ਫੋਟੋਆਂ ਜਨਤਕ ਕੀਤੀਆਂ ਗਈਆਂ ਹਨ। ਮੁਹਾਲੀ ਦੇ ਡੀਐੱਸਪੀ (ਸਿਟੀ-1) ਗੁਰਸ਼ੇਰ ਸਿੰਘ ਸੰਧੂ ਨੇ ਸ਼ੱਕੀ ਵਿਅਕਤੀਆਂ ਦੀਆਂ ਇਹ ਫੋਟੋਆਂ ਜਾਰੀ ਕਰਦਿਆਂ ਕਿਹਾ ਕਿ 20 ਤੋਂ 25 ਸਾਲ ਉਮਰ ਦੇ ਇਨ੍ਹਾਂ ਵਿਅਕਤੀਆਂ ਵੱਲੋਂ ਹੀ ਗੁਰਦੁਆਰਾ ਰਵਿਦਾਸ ਮਹਾਰਾਜ ਕੁੰਭੜਾ, ਗੁਰਦੁਆਰਾ ਭਾਈ ਜੈਤਾ ਜੀ ਫੇਜ਼-3ਏ ਅਤੇ ਸੈਕਟਰ-61 ਦੇ ਮੰਦਰ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਇਨ੍ਹਾਂ ਧਾਰਮਿਕ ਸਥਾਨਾਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਇਨ੍ਹਾਂ ਦੀਆਂ ਫੋਟੋਆਂ ਨੂੰ ਕੰਪਿਊਟਰ ਮਾਹਰਾਂ ਦੀ ਮਦਦ ਨਾਲ ਸਾਫ਼ ਕਰਕੇ ਤਿਆਰ ਕੀਤਾ ਗਿਆ ਹੈ।
ਡੀਐਸਪੀ ਸੰਧੂ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਇਹ ਜਾਣਕਾਰੀ ਮਿਲੀ ਹੈ । ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਇਨ੍ਹਾਂ ਦੋਵਾਂ ਵਿਅਕਤੀਆਂ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਉਹ ਮੁਹਾਲੀ ਪੁਲੀਸ ਨੂੰ ਜ਼ਰੂਰ ਸਾਂਝੀ ਕਰਨ ਤਾਂ ਜੋ ਇਨ੍ਹਾਂ ਨੂੰ ਕਾਬੂ ਕੀਤਾ ਜਾ ਸਕੇ।
ਈਸਾਪੁਰ ਵਿੱਚ ਧਾਰਮਿਕ ਸਥਾਨ ’ਤੇ ਚੋਰੀ
ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਨਗਰ ਕੌਂਸਲ ਦੀ ਹੱਦ ’ਚ ਪੈਂਦੇ ਪਿੰਡ ਈਸਾਪੁਰ ਵਿੱਚ ਲੰਘੀ ਰਾਤ ਚੋਰ ਗੁੱਗਾ ਮਾੜੀ ਮੰਦਰ ਦੀ ਗੋਲਕ ਤੋੜ ਕੇ ਨਕਦੀ ਚੋਰੀ ਕਰਕੇ ਲੈ ਗਏ। ਪਿੰਡ ਵਾਸੀਆਂ ਮੁਤਾਬਕ ਗੋਲਕ ’ਚ ਕਰੀਬ 5 ਹਜ਼ਾਰ ਰੁਪਏ ਦੀ ਨਕਦੀ ਸੀ। ਗੁੱਗਾ ਮਾੜੀ ਦੇ ਸੇਵਾਦਾਰ ਦਲੀਪ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਗੋਲਕ ਨੂੰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।