ਸਰਬਜੀਤ ਸਿੰਘ ਭੱਟੀ
ਲਾਲੜੂ, 28 ਅਕਤੂਬਰ
ਸੱਤਾ ਵਿੱਚ ਆਉਣ ਵਾਲੀ ਹਰ ਸਿਆਸੀ ਪਾਰਟੀ ਵੱਲੋਂ ਲਾਲੜੂ ਨੂੰ ਗੇਟਵੇਅ ਆਫ ਪੰਜਾਬ ਬਣਾਉਣ ਦੇ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ ਪਰ ਅੱਜ ਤੱਕ ਕੋਈ ਵੀ ਵਾਅਦਾ ਵਫਾ ਨਹੀਂ ਹੋਇਆ। ਰਾਜਸੀ ਆਗੂਆਂ ਨੇ ਪਿੰਡਾਂ ਦੇ ਲੋਕਾਂ ਨੁੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਦੇ ਸੁਫਨੇ ਵਿਖਾਏ ਪਰ ਉਹ ਵੀ ਉਦੋਂ ਟੁੱਟ ਜਾਂਦੇ ਹਨ, ਜਦੋਂ ਨਗਰ ਕੌਂਸਲ ਲਾਲੜੂ ਦੀ ਹੱਦ ਵਿੱਚ ਆਉਂਦੇ ਹੀ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ਦੇ ਨਾਲ-ਨਾਲ ਗੰਦਗੀ ਦੇ ਵੱਡੇ-ਵੱਡੇ ਢੇਰ ਵਿਖਾਈ ਦਿੰਦੇ ਹਨ।
ਵਾਰਡ ਨੰਬਰ-5 ਅਤੇ 8 ਵਿੱਚ ਗੰਦਗੀ ਦੇ ਲੱਗੇ ਵੱਡੇ ਢੇਰਾਂ ਵਿਰੁੱਧ ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਤੋਂ ਲੈ ਕੇ ਹੁਣ ਤੱਕ ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਸ਼ਹਿਰ ਵਿੱਚ ਲਾਵਾਰਿਸ਼ ਪਸ਼ੂਆਂ ਦੇ ਝੁੰਡ, ਨਾਲੀਆਂ ’ਚ ਖੜ੍ਹਾ ਗੰਦਾ ਪਾਣੀ ਤੇ ਗੰਦੇ ਪਾਣੀ ਦੀ ਨਿਕਾਸੀ ਦਾ ਨਾ ਹੋਣਾ ਇਕ ਗੰਭੀਰ ਸਮੱਸਿਆ ਬਣੀ ਹੋਈ ਹੈ। ਸ਼ਹਿਰ ਵਿੱਚ ਕੋਈ ਬੱਸ ਅੱਡਾ ਨਹੀਂ ਹੈ, ਬਿਜਲੀ ਸਪਲਾਈ, ਪਾਰਕਿੰਗ, ਟਰੈਫਿਕ, ਨਾਜਾਇਜ਼ ਕਬਜ਼ਿਆਂ ਸਮੇਤ ਲੋਕ ਕਈ ਸਮੱਸਿਆਵਾਂ ਨਾਲ ਜੂਝ ਰਹੇ ਹਨ। ਲੋਕਾਂ ਦੀ ਮੰਗ ਹੈ ਕਿ ਉਨ੍ਹਾਂ ਦੇ ਬੁਨਿਆਦੀ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣ।
ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਗੁਲਸ਼ਨ ਕੁਮਾਰ ਨੇ ਕਿਹਾ ਕਿ ਛੇਤੀ ਹੀ ਸਫ਼ਾਈ ਦੇ ਪ੍ਰਬੰਧ ਕਰਵਾ ਕੇ ਗੰਦਗੀ ਦੇ ਢੇਰ ਚੁਕਵਾ ਦਿੱਤੇ ਜਾਣਗੇੇ।