ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 4 ਸਤੰਬਰ
ਪਿੰਡ ਤੋਗਾਂ ਤੋਂ ਬੂਥਗੜ੍ਹ ਜਾਣ ਵਾਲੀ ਸੜਕ ਦੀਆਂ ਬਰਮਾ ਦੀ ਖਸਤਾ ਹਾਲਤ ਕਾਰਨ ਲੋਕ ਪ੍ਰੇਸ਼ਾਨ ਹਨ। ਜ਼ਿਕਰਯੋਗ ਹੈ ਕਿ ਪਿੰਡ ਕੰਸਾਲਾ, ਤੀੜਾ, ਬਾਂਸੇਪੁਰ, ਸੰਗਾਲਾ, ਰਾਣੀਮਾਜਰਾ, ਕਰਤਾਰਪੁਰ, ਸੈਣੀਮਾਜਰਾ, ਤੋਗਾਂ ਤੇ ਬੂਥਗੜ੍ਹ ਪਿੰਡਾਂ ਦੀਆਂ ਕੁੱਝ ਜ਼ਮੀਨਾਂ ਐਕਵਾਇਰ ਕਰਕੇ ਕਰੀਬ ਅੱਠ ਕਿੱਲੋਮੀਟਰ ਲੰਬੀ ਅਤੇ ਚਾਰ ਮਾਰਗੀ ਸੜਕ ਬਣਾਈ ਗਈ ਸੀ ਜੋ ਨਿਊ ਚੰਡੀਗੜ੍ਹ ਸ਼ਹਿਰ ਦਾ ਮੂੰਹ ਮੱਥਾ ਹੈ। ਪਿਛਲੇ ਮਹੀਨੇ ਤੋਂ ਹੋ ਰਹੀਆਂ ਬਰਸਾਤਾਂ ਕਾਰਨ ਪਾਣੀ ਨੇ ਖਾਰ ਪਾ ਕੇ ਬਰਮ ਦੀਆਂ ਕਈ ਥਾਵਾਂ ਵਿੱਚ ਡੂੰਘੇ-ਡੂੰਘੇ ਟੋਏ ਪਾ ਦਿੱਤੇ ਸਨ, ਜਿਨ੍ਹਾਂ ਵਿੱਚ ਰਾਤ ਦੇ ਹਨੇਰੇ ਵਿੱਚ ਸੜਕ ਉਤੇ ਜਾ ਰਹੇ ਸਾਈਕਲ ਜਾਂ ਰੇਹੜੀਆਂ ਵਾਲਿਆਂ ਦੇ ਅਚਾਨਕ ਡਿੱਗਣ ਦਾ ਡਰ ਬਣਿਆ ਰਹਿੰਦਾ ਹੈ, ਕਿਉਂਕਿ ਸੜਕ ਵਿਚਕਾਰਲੀ ਥਾਂ ਵਿੱਚ ਬਿਜਲੀ ਦੇ ਖੰਬੇ ਤਾਂ ਜ਼ਰੂਰ ਲੱਗੇ ਹੋਏ ਹਨ ਪਰ ਰੋਸ਼ਨੀ ਲਈ ਕਈ ਥਾਵਾਂ ਵਿੱਚ ਟਿਊਬਾਂ ਨਾ ਹੋਣ ਕਾਰਨ ਰਾਤ ਸਮੇਂ ਹਨੇਰਾ ਹੀ ਰਹਿੰਦਾ ਹੈ। ਮਲਕੀਤ ਸਿੰਘ ਪੰਮੀ ਤੇ ਅਮਰਗਿਰ ਕੰਸਾਲਾ, ਸੁਰਜੀਤ ਸਿੰਘ ਸੈਣੀਮਾਜਰਾ, ਤੇਜੀ ਤੇ ਬਿੱਟੂ ਪੜੌਲ ਤੇ ਰੂਪਚੰਦ ਆਦਿ ਨੇ ਪੰਜਾਬ ਸਰਕਾਰ ਅਤੇ ਨਿਊ ਚੰਡੀਗੜ੍ਹ ਸ਼ਹਿਰ ਦੇ ਪ੍ਰਬੰਧਕਾਂ ਕੋਲੋਂ ਮੰਗ ਕੀਤੀ ਹੈ ਕਿ ਬਰਮਾਂ ਨੂੰ ਠੀਕ ਕਰਵਾਇਆ ਜਾਵੇ।