ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 25 ਨਵੰਬਰ
‘ਗ੍ਰੋਥਰੇਟਰ ਲੁਧਿਆਣਾ’ ਦੀ ਸਫਲਤਾ ਮਗਰੋਂ 6 ਮਹੀਨਿਆਂ ਦਾ ਵਪਾਰਕ ਵਾਧਾ ਪ੍ਰੋਗਰਾਮ ਗਲੋਬਲ ਅਲਾਇੰਸ ਫਾਰ ਮਾਸ ਐਂਟਰਪ੍ਰੀਨਿਓਰਸ਼ਿਪ ਪੰਜਾਬ ਸਰਕਾਰ ਦੇ ਉਦਯੋਗ ਤੇ ਵਣਜ ਵਿਭਾਗ ਨਾਲ ਸਾਂਝੇਦਾਰੀ ਤੇ ਸਮਾਲ ਇੰਡਸਟਰੀਜ਼ ਡਿਵੈੱਲਪਮੈਂਟ ਬੈਂਕ ਆਫ਼ ਇੰਡੀਆ ਦੇ ਸਹਿਯੋਗ ਨਾਲ ਮੁਹਾਲੀ ਜ਼ਿਲ੍ਹੇ ਵਿੱਚ ਪ੍ਰੋਗਰਾਮ ਦੇ ਵਿਸਤਾਰ ਦੀ ਯੋਜਨਾ ਬਣਾਈ ਗਈ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਮੁਹਾਲੀ ਵਿੱਚ ਉਦਯੋਗ ਤੇ ਵਣਜ ਵਿਭਾਗ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਵਿੱਚ ਉੱਦਮੀਆਂ ਦੇ ਵਿਕਾਸ ’ਤੇ ਚਰਚਾ ਕੀਤੀ ਗਈ। ਤੇਜਵੀਰ ਸਿੰਘ ਨੇ ਕਿਹਾ, ‘‘ਪ੍ਰੋਗਰਾਮ ਉੱਭਰਦੇ ਉੱਦਮੀਆਂ ਲਈ ਆਪਣੇ ਕਾਰੋਬਾਰਾਂ ਨੂੰ ਵਧਾਉਣ ਲਈ ਬਣਾਇਆ ਗਿਆ ਹੈ, ਜਿਸ ਦਾ ਮਨੋਰਥ ਉੱਦਮੀਆਂ ਦੇ ਵਿਕਾਸ ਲਈ ਇੱਕ ਸੰਪੰਨ ਵਿਕਾਸ ਈਕੋਸਿਸਟਮ ਨੂੰ ਵਿਕਸਿਤ ਕਰਨਾ ਹੈ। ਉਦਯੋਗ ਅਤੇ ਵਣਜ ਵਿਭਾਗ ਵੱਲੋਂ ਇਸ ਕਾਰਜ ਲਈ ਐੱਮਐੱਸਐੱਮ5ਐੱਸ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਰਿਆਇਤਾਂ ਦੇ ਕੇ ਮਜ਼ਬੂਤ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਵਿੱਚ ਮੋਹਰੀ ਰੋਲ ਅਦਾ ਕੀਤਾ ਜਾ ਰਿਹਾ ਹੈ।’’ ਡੀਸੀ ਈਸ਼ਾ ਕਾਲੀਆ ਨੇ ਕਿਹਾ ਕਿ ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਉੱਦਮੀਆਂ ਤੇ ਉਨ੍ਹਾਂ ਦੇ ਉਦਯੋਗਾਂ ਦੇ ਵਿਕਾਸ ਲਈ ਤੱਤਪਰ ਹੈ। ਗਵਰਨੈਂਸ ਫੈਲੋ ਤਪਿੰਦਰ ਕੌਰ ਘੁੰਮਣ ਨੇ ਦੱਸਿਆ ਕਿ ਇਹ ਪ੍ਰੋਗਰਾਮ ਉੱਦਮੀਆਂ ਨੂੰ ਉਨ੍ਹਾਂ ਦੇ ਕਾਰੋਬਾਰਾਂ ਨੂੰ ਹੋਰ ਵਧਾਉਣ ਵਿੱਚ ਮਦਦ ਕਰਦਾ ਹੈ।