ਮੁਕੇਸ਼ ਕੁਮਾਰ
ਚੰਡੀਗੜ੍ਹ, 16 ਅਕਤੂਬਰ
ਚੰਡੀਗੜ੍ਹ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਸਰੋਤ ਪੱਧਰ ਤੋਂ ਸੁੱਕਾ ਅਤੇ ਗਿੱਲਾ ਕੂੜਾ ਵੱਖੋ ਵੱਖਰਾ ਇਕੱਤਰ ਕਰਨ ਦੀ ਯੋਜਨਾ ਛੇਤੀ ਸ਼ੁਰੂ ਹੋਣ ਦੇ ਆਸਾਰ ਮੱਧਮ ਹਨ, ਜਦੋਂ ਕਿ ਨਗਰ ਨਿਗਮ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੂੰ ਇਹ ਯੋਜਨਾ ਇਸ ਮਹੀਨੇ ਦੀ 31 ਤਰੀਕ ਤੋਂ ਪੂਰੇ ਸ਼ਹਿਰ ਵਿੱਚ ਲਾਗੂ ਕਰਨ ਬਾਰੇ ਲਿਖਤੀ ਤੌਰ ਦੇ ਦਾਅਵਾ ਕੀਤਾ ਹੈ। ਸ਼ਹਿਰ ਵਿੱਚ ਇਸ ਮਹੀਨੇ ਤੋਂ ਇਹ ਯੋਜਨਾ ਸ਼ੁਰੂ ਨਾ ਹੋਣ ਦਾ ਮੁੱਖ ਕਾਰਨ ਇਸ ਕਾਰਜ ਲਈ ਲਗਾਈਆਂ ਜਾਣ ਵਾਲੀਆਂ ਸਪੈਸ਼ਲ ਗੱਡੀਆਂ ਦੇ ਸੰਚਾਲਨ ਲਈ ਘਟੋ ਘੱਟ ਤਿੰਨ ਮਹੀਨੇ ਦਾ ਸਮਾਂ ਹੈ। ਇਸ ਯੋਜਨਾ ਦੇ ਇਸ ਮਹੀਨੇ ਲਾਗੂ ਨਾ ਹੋਣ ਕਾਰਨ ਨਗਰ ਨਿਗਮ ਵਲੋਂ ਐਨਜੀਟੀ ਤੋਂ ਮੁੜ ਤੋਂ ਮਿਆਦ ਵਧਾਉਣ ਦੀ ਅਪੀਲ ਕੀਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਸ਼ਹਿਰ ਵਿੱਚ ਪਿਛਲੇ ਚਾਰ ਸਾਲ ਤੋਂ ਸੁੱਕਾ ਅਤੇ ਗਿੱਲਾ ਕੂੜਾ ਇਕੱਤਰ ਕਰਨ ਦੀ ਯੋਜਨਾਂ ਸਿਰੇ ਨਹੀਂ ਚੜ੍ਹ ਰਹੀ। ਇਸ ਯੋਜਨਾ ਨੂੰ ਲੈ ਕੇ ਹੁਣ ਤੱਕ ਲਗਪਗ ਅੱਧਾ ਦਰਜਨ ਤੋਂ ਜ਼ਿਆਦਾ ਵਾਰ ਡੈੱਡਲਾਈਨ ਨੂੰ ਵਧਾਇਆ ਗਿਆ ਹੈ। ਇਸ ਯੋਜਨਾ ਨੂੰ ਗੰਭੀਰਤਾ ਨਾਲ ਨਾ ਲੈਣ ਤੇ ਐੱਨਜੀਟੀ ਵਲੋਂ ਕਈ ਵਾਰ ਨਗਰ ਨਿਗਮ ਦੀ ਝਾੜਝੰਬ ਵੀ ਹੋ ਚੁੱਕੀ ਹੈ। ਸ਼ਹਿਰ ਵਿੱਚ ਸੁੱਕਾ ਅਤੇ ਗਿੱਲਾ ਕੂੜਾ ਇਕੱਤਰ ਕਰਨ ਲਈ ਸਮਾਰਟ ਸਿਟੀ ਦੇ ਬੋਰਡ ਆਫ ਡਾਇਰੇੇੈਕਟਰਜ਼ ਦੀ ਮੀਟਿੰਗ ਵਿੱਚ 390 ਗੱਡੀਆਂ ਖਰੀਦਣ ਲਈ ਟੈਂਡਰ ਅਲਾਟ ਕਰ ਦਿੱਤਾ ਗਿਆ ਹੈ। ਗੱਡੀਆਂ ਦੀ ਸਪਲਾਈ ਦੇਣ ਲਈ ਕੰਪਨੀ ਨੂੰ ਤਿੰਨ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਗੱਡੀਆਂ ਵਿੱਚ ਲੱਗਣ ਵਾਲੇ ਜੀਪੀਐਸ ਸਿਸਟਮ ਦਾ ਵੀ ਟੈਂਡਰ ਅਲਾਟ ਕਰ ਦਿੱਤਾ ਗਿਆ ਹੈ। ਇਨ੍ਹਾਂ ਗੱਡੀਆਂ ਦੇ ਇੰਤਜ਼ਾਮ ਤੋਂ ਬਾਅਦ ਹੀ ਸ਼ਹਿਰ ਵਿੱਚ ਇਹ ਯੋਜਨਾਂ ਸ਼ੁਰੂ ਹੋ ਸਕੇਗੀ। ਇਸ ਯੋਜਨਾ ’ਤੇ ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਕੰਪਨੀ ਵਲੋਂ 33 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।