ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਨਵੰਬਰ
ਇਥੋਂ ਦੇ ਸੈਕਟਰ-44 ਕੋਲ ਝਾੜੀਆਂ ਵਿੱਚੋਂ ਜਗਤਪੁਰਾ ਵਾਸੀ ਪਲੰਬਰ ਜਸਪਾਲ ਸਿੰਘ ਦੀ ਦੋ ਦਿਨ ਪਹਿਲਾਂ ਲਾਸ਼ ਮਿਲੀ ਸੀ ਤੇ ਪੁਲੀਸ ਨੇ ਹੱਤਿਆ ਦਾ ਖ਼ਦਸ਼ਾ ਜਤਾਇਆ ਸੀ। ਹਕੀਕਤ ਵਿੱਚ ਇਹ ਮਾਮਲਾ ਹੱਤਿਆ ਦਾ ਹੀ ਨਿਕਲਿਆ ਹੈ ਤੇ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਚੰਡੀਗੜ੍ਹ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਦਿਨੇਸ਼ ਕੁਮਾਰ ਵਾਸੀ ਧਨਾਸ, ਅਨਿਲ ਵਾਸੀ ਸੈਕਟਰ-52 ਅਤੇ ਪਰਮਿੰਦਰ ਵਾਸੀ ਸੈਕਟਰ-44 ਵਜੋਂ ਹੋਈ ਹੈ। ਇਹ ਕਾਰਵਾਈ ਥਾਣਾ ਸੈਕਟਰ-34 ਦੇ ਐੱਸਐੱਚਓ ਬਲਦੇਵ ਕੁਮਾਰ ਦੀ ਅਗਵਾਈ ਹੇਠ ਪੁਲੀਸ ਨੇ ਕੀਤੀ ਹੈ।
ਇਸੇ ਦੌਰਾਨ ਮੁਲਜ਼ਮ ਦਿਨੇਸ਼ ਨੇ ਥਾਣਾ ਸੈਕਟਰ-34 ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ। ਉਸ ਨੇ ਥਾਣੇ ਦੀ ਛੱਤ ਤੋਂ ਛਾਲ ਮਾਰ ਦਿੱਤੀ। ਪੁਲੀਸ ਨੇ ਮੁਲਜ਼ਮ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਪੀਜੀਆਈ ਵਿੰਚ ਦਾਖਲ ਕਰਵਾਇਆ। ਡਾਕਟਰੀ ਜਾਂਚ ਵਿੱਚ ਸਾਹਮਣੇ ਆਇਆ ਕਿ ਉਸ ਦੀਆਂ ਦੋਵੇਂ ਲੱਤਾਂ ਦੀਆਂ ਹੱਡੀਆਂ ਟੁੱਟ ਗਈਆਂ ਹਨ। ਡਾਕਟਰਾਂ ਦੀ ਟੀਮ ਊਸ ਦਾ ਇਲਾਜ ਕਰ ਰਹੀ ਹੈ। ਇਸ ਗੱਲ ਦੀ ਪੁਸ਼ਟੀ ਥਾਣਾ ਸੈਕਟਰ-34 ਦੇ ਐੱਸਐੱਚਓ ਬਲਦੇਵ ਕੁਮਾਰ ਨੇ ਕੀਤੀ ਹੈ।
ਸ਼ਰਾਬ ਪੀਣ ਦੌਰਾਨ ਝਗੜਾ ਜਾਨ-ਲੇਵਾ ਸਾਬਤ ਹੋਇਆ
ਪੁਲੀਸ ਅਨੁਸਾਰ ਤਿੰਨੋਂ ਮੁਲਜ਼ਮ ਦਿਹਾੜੀਦਾਰ ਵਜੋਂ ਕੰਮ ਕਰਦੇ ਹਨ ਅਤੇ ਅਕਸਰ ਜਸਪਾਲ ਸਿੰਘ ਨਾਲ ਸ਼ਰਾਬ ਪਿਲਾਊਂਦੇ ਸਨ। ਊਨ੍ਹਾਂ ਨੇ 16 ਨਵੰਬਰ ਦੀ ਰਾਤ ਨੂੰ ਵੀ ਇਕੱਠੇ ਸ਼ਰਾਬ ਪੀਤੀ ਅਤੇ ਇਸ ਦੌਰਾਨ ਝਗੜਾ ਹੋ ਗਿਆ। ਤਿੰਨਾਂ ਨੇ ਜਸਪਾਲ ਸਿੰਘ ’ਤੇ ਇੱਟਾਂ ਨਾਲ ਹਮਲਾ ਕਰ ਦਿੱਤਾ ਜਿਸ ਕਰਕੇ ਉਸ ਦੀ ਮੌਤ ਹੋ ਗਈ। ਪੁਲੀਸ ਨੇ 17 ਨਵੰਬਰ ਨੂੰ ਜਸਪਾਲ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਸੀ ਤੇ ਅੱਜ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਦੱਸਣਯੋਗ ਹੈ ਕਿ ਮ੍ਰਿਤਕ ਜਸਪਾਲ ਆਪਣੇ ਮਾਤਾ-ਪਿਤਾ ਨਾਲ ਜਗਤਪੁਰਾ ਵਿੱਚ ਰਹਿੰਦਾ ਸੀ।
ਗੋਲੀਬਾਰੀ ਕੇਸ: ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਤਿੰਨ ਪਿਸਤੌਲਾਂ ਬਰਾਮਦ
ਸੈਕਟਰ-9 ਸਥਿਤ ਐੱਸਕੋ ਬਾਰ ਦੇ ਬਾਹਰ 11 ਅਕਤੂਬਰ ਦੀ ਰਾਤ ਨੂੰ ਗੋਲੀ ਚਲਾਉਣ ਦੀ ਘਟਨਾ ਸਬੰਧੀ ਗ੍ਰਿਫ਼ਤਾਰ ਕੀਤੇ ਸਾਗਰ ਵਾਸੀ ਲੁਧਿਆਣਾ ਦੀ ਨਿਸ਼ਾਨਦੇਹੀ ’ਤੇ ਕੈਂਬਵਾਲਾ ਦੇ ਜੰਗਲਾਂ ਵਿੱਚੋਂ ਤਿੰਨ ਪਿਸਤੋਲਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਖ਼ਿਲਾਫ਼ ਕਤਲ ਅਤੇ ਲੁੱਟ-ਖੋਹ ਦੇ ਅੱਧਾ ਦਰਜਨ ਤੋਂ ਵੱਧ ਕੇਸ ਦਰਜ ਹਨ। ਪੁਲੀਸ ਨੇ ਸਾਗਰ ਨੂੰ ਕੈਂਬਵਾਲਾ ਦੇ ਨਜ਼ਦੀਕ ਨਾਕਾਬੰਦੀ ਦੌਰਾਨ ਕੁਝ ਦਿਨ ਪਹਿਲਾਂ ਕਾਬੂ ਕਰਕੇ ਦੋ ਪਿਸਤੌਲ ਬਰਾਮਦ ਕੀਤੇ ਸਨ। ਪੁੱਛ-ਪੜਤਾਲ ਦੌਰਾਨ ਊਸ ਨੇ ਅੱਜ ਮੰਨਿਆ ਕਿ ਉਹ 11 ਅਕਤੂਬਰ ਨੂੰ ਸੈਕਟਰ-9 ਸਥਿਤ ਐੱਸਕੋ ਬਾਰ ਦੇ ਬਾਹਰ ਗੋਲੀਬਾਰੀ ਦੀ ਘਟਨਾ ’ਚ ਸ਼ਾਮਲ ਸੀ। ਇਸ ਤਰ੍ਹਾਂ ਪੁਲੀਸ ਨੇ ਕੁੱਲ 5 ਪਿਸਤੋਲ ਬਰਾਮਦ ਕਰ ਲਏ ਹਨ।
ਦੱਸਣਯੋਗ ਹੈ ਕਿ 11 ਅਕਤੂਬਰ ਦੀ ਰਾਤ ਨੂੰ ਐੱਸਕੋ ਬਾਰ ਦੇ ਬਾਹਰ ਕੁਝ ਨੌਜਵਾਨ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ ਸਨ। ਇਸ ਦੌਰਾਨ ਸੌਰਵ ਗੁੱਜਰ ਵਾਸੀ ਪ੍ਰੀਤ ਕਲੋਨੀ ਜ਼ੀਰਕਪੁਰ ਜ਼ਖ਼ਮੀ ਹੋ ਗਿਆ ਸੀ। ਪੁਲੀਸ ਨੇ ਘਟਨਾ ਸਬੰਧੀ ਥਾਣਾ ਸੈਕਟਰ-3 ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।