ਸਾਹਿਤ ਪ੍ਰਤੀਨਿਧ
ਚੰਡੀਗੜ੍ਹ, 9 ਅਕਤੂਬਰ
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਵਿੱਚ ਕਰਵਾਏ ਗਏ ਤਿੰਨ ਭਾਸ਼ਾਈ ਕਵੀ ਦਰਬਾਰ ਵਿੱਚ ਬਤੌਰ ਮੁੱਖ ਮਹਿਮਾਨ ਦਰਸ਼ਨ ਬੁੱਟਰ ਨੇ ਆਪਣੀਆਂ ਨਜ਼ਮਾਂ ਦੇ ਨਾਲ-ਨਾਲ ਆਪਣੇ ਅਰਥ ਭਰਪੂਰ ਵਿਚਾਰਾਂ ਦੀ ਸਾਂਝ ਪਾਈ। ਕਾਵਿ ਮਹਿਫ਼ਲ ਦਾ ਆਗਾਜ਼ ਸ਼ਾਇਰ ਸੁਸ਼ੀਲ ਦੁਸਾਂਝ ਨੇ ‘ਬਿਲ ਗੇਟਸ’ ਨਾਮ ਦੀ ਕਵਿਤਾ ਨਾਲ ਕੀਤਾ। ਤਿੰਨ ਭਾਸ਼ਾਈ ਕਵੀ ਦਰਬਾਰ ਦੌਰਾਨ ਰਾਜਨੀਤੀ ਦੀ ਗਿਰਾਵਟ, ਧਰਮਾਂ ਦੀ ਸਿਆਸਤ, ਨਸ਼ਿਆਂ ਦੀ ਮਾਰ, ਕਿਸਾਨੀ ਦੀ ਮਾੜੀ ਹਾਲਤ, ਸਮਾਜ ’ਚ ਫੈਲੇ ਭ੍ਰਿਸ਼ਟਾਚਾਰ ਵਰਗੇ ਗੰਭੀਰ ਵਿਸ਼ਿਆਂ ’ਤੇ ਜਿੱਥੇ ਕਵਿਤਾਵਾਂ ਤੇ ਨਜ਼ਮਾਂ ਪੜ੍ਹੀਆਂ ਗਈਆਂ, ਉਥੇ ਹੀ ‘ਰੱਬ ਨੂੰ ਸ਼ਿਕਾਇਤਾਂ’ ਅਤੇ ‘ਇਸ਼ਕ ਦੀਆਂ ਬਾਤਾਂ’ ਦੇ ਨਾਲ-ਨਾਲ ਸੂਫੀਆਨਾ ਰੰਗ ਵੀ ਇਸ ਮਹਿਫ਼ਲ ਵਿਚ ਪੇਸ਼ ਕੀਤੇ ਗਏ।
ਕਵੀ ਪ੍ਰੇਮ ਵਿੱਜ, ਪ੍ਰਗਿੱਆ ਸ਼ਾਰਦਾ, ਸਿਰੀਰਾਮ ਅਰਸ਼, ਅਸ਼ੋਕ ਭੰਡਾਰੀ ਨਾਦਿਰ, ਦਿਲਪ੍ਰੀਤ ਚਹਿਲ, ਅਜੇ ਕੁਮਾਰ ਮੌਰੀਆ, ਸ਼ਾਇਰਾ ਸਾਰਿਕਾ, ਮਲਕੀਅਤ ਬਸਰਾ, ਗਣੇਸ਼ ਦੱਤ, ਸੁਰਿੰਦਰ ਪਾਲ, ਬਲਵਿੰਦਰ ਸੰਧੂ, ਨਵਨੀਤ ਕੌਰ ਮਠਾਰੂ, ਸਿਮਰਨਜੀਤ ਕੌਰ ਗਰੇਵਾਲ ਤੇ ਦਰਸ਼ਨ ਤ੍ਰਿਊਣਾ ਨੇ ਖੂਬ ਪ੍ਰਸ਼ੰਸ਼ਾ ਲੁੱਟੀ। ਮਹਿਫ਼ਲ ਦੇ ਅਖੀਰ ਵਿਚ ਪੰਜਾਬੀ ਲੇਖਕ ਸਭਾ ਦੀ ਮੀਤ ਪ੍ਰਧਾਨ ਮਨਜੀਤ ਕੌਰ ਮੀਤ ਨੇ ਸਭਨਾਂ ਦਾ ਧੰਨਵਾਦ ਕੀਤਾ, ਜਦੋਂਕਿ ਸਮਾਗਮ ਦੀ ਸਮੁੱਚੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਬਾਖੂਬੀ ਨਿਭਾਈ।
ਧਰਮਿੰਦਰ ਭੰਗੂ ਦਾ ਕਾਵਿ ਸੰਗ੍ਰਹਿ ‘ਥੋੜ੍ਹਾ-ਬਹੁਤ’ ਲੋਕ ਅਰਪਣ
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਬੀਬੀ ਸ਼ਰਨ ਕੌਰ ਖਾਲਸਾ ਕਾਲਜ ਵਿੱਚ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੀ ਪ੍ਰੇਰਨਾਸਦਕਾ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਅਤੇ ਸਾਹਿਤ ਸਭਾ ਚਮਕੌਰ ਸਾਹਿਬ ਵੱਲੋਂ ਸਾਂਝੇ ਤੌਰ ’ਤੇ ਸਾਹਿਤਕਾਰ ਅਤੇ ਅਧਿਆਪਕ ਆਗੂ ਧਰਮਿੰਦਰ ਭੰਗੂ ਦਾ ਕਾਵਿ ਸੰਗ੍ਰਹਿ ‘ਥੋੜ੍ਹਾ-ਬਹੁਤʼ ਲੋਕ ਅਰਪਣ ਕੀਤਾ ਗਿਆ। ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਲਈ ਕੀਤੇ ਜਾਂਦੇ ਕਾਰਜਾਂ ਅਤੇ ਗਤੀਵਿਧੀਆਂ ਤੋਂ ਜਾਣੂ ਕਰਵਾਇਆ। ਮੁੱਖ ਮਹਿਮਾਨ ਵਜੋਂ ਪਹੁੰਚੇ ਸਾਹਿਤਕਾਰ ਅਤੇ ਅਧਿਆਪਕ ਆਗੂ ਧਰਮ ਪਾਲ ਸੋਖਲ ਨੇ ਧਰਮਿੰਦਰ ਭੰਗੂ ਦੇ ਕਾਵਿ ਸੰਗ੍ਰਹਿ ਦੇ ਲੋਕ ਅਰਪਣ ਦੀ ਵਧਾਈ ਦਿੰਦਿਆਂ ਪੰਜਾਬੀ ਵਿਭਾਗ ਵੱਲੋਂ ਕਰਵਾਏ ਇਸ ਸਮਾਗਮ ਦੀ ਸ਼ਲਾਘਾ ਵੀ ਕੀਤੀ। ਗਜ਼ਲਗੋ ਡਾ. ਸ਼ਮਸ਼ੇਰ ਮੋਹੀ ਵੱਲੋਂ ਇਸ ਪੁਸਤਕ ’ਤੇ ਖੋਜ ਪੇਪਰ ਪੜ੍ਹਦਿਆਂ ਕਵਿਤਾਵਾਂ ਦੇ ਵਿਸ਼ਿਆਂ, ਪੇਸ਼ਕਾਰੀ, ਛੰਦ ਬੰਦੀ, ਭਾਸ਼ਾ ਅਤੇ ਸਾਹਿਤਕ ਪ੍ਰਭਾਵ ’ਤੇ ਆਪਣੇ ਵਿਚਾਰ ਰੱਖੇ।