ਦਰਸ਼ਨ ਸਿੰਘ ਸੋਢੀ/ਸ਼ਸ਼ੀ ਪਾਲ ਜੈਨ
ਐਸ.ਏ.ਐਸ. ਨਗਰ (ਮੁਹਾਲੀ)/ਖਰੜ, 19 ਅਗਸਤ
ਸਥਾਨਕ ਪੁਲੀਸ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿੱਚ ਪੜ੍ਹਦੇ ਵਿਦਿਆਰਥੀ ਨੂੰ ਹਨੀ ਟਰੈਪ ਵਿੱਚ ਫਸਾ ਕੇ ਅਗਵਾ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰ ਕੇ ਇੱਕ ਲੜਕੀ ਸਣੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਖ਼ੁਲਾਸਾ ਰੂਪਨਗਰ ਰੇਂਜ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਸੰਮੇਲਨ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਪੀੜਤ ਨੌਜਵਾਨ ਹਿਤੇਸ਼ ਭੂਮਲਾ ਨੂੰ ਸਹੀ ਸਲਾਮਤ ਛੁਡਾ ਲਿਆ ਹੈ।
ਡੀਆਈਜੀ ਭੁੱਲਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅਜੇ ਕਾਦੀਅਨ ਵਾਸੀ ਪਿੰਡ ਜੱਟਲ (ਹਰਿਆਣਾ), ਅਜੈ ਕੁਮਾਰ ਵਾਸੀ ਪਿੰਡ ਆਬੂਦ (ਹਰਿਆਣਾ) ਤੇ ਉਨ੍ਹਾਂ ਦੀ ਮਹਿਲਾ ਮਿੱਤਰ ਰਾਖੀ ਵਾਸੀ ਪਿੰਡ ਬਰੋਲੀ (ਹਰਿਆਣਾ) ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਇਕ ਪਿਸਤੌਲ, ਨੌਂ ਕਾਰਤੂਸ, 5 ਮੋਬਾਈਲ ਫੋਨਾਂ ਸਣੇ ਵਾਰਦਾਤ ਲਈ ਵਰਤੀ ਹੌਂਡਾ ਸਿਟੀ ਕਾਰ ਵੀ ਬਰਾਮਦ ਕਰ ਲਈ ਹੈ।
ਡੀਆਈਜੀ ਨੇ ਦੱਸਿਆ ਕਿ ਮੁਹਾਲੀ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਦੀ ਅਗਵਾਈ ਹੇਠ ਐੱਸਪੀ ਰਵਨੀਤ ਸਿੰਘ ਵਿਰਕ, ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਅਤੇ ਜ਼ਿਲ੍ਹਾ ਸੀਆਈਏ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਮੁਲਜ਼ਮਾਂ ਨੂੰ ਅੱਜ ਸਵੇਰੇ ਸੀਆਈਏ ਸਟਾਫ਼ ਕੁਰੂਕਸ਼ੇਤਰ ਦੇ ਸਹਿਯੋਗ ਨਾਲ ਗ੍ਰਿਫ਼ਤਾਰ ਕੀਤਾ ਹੈ।
ਪੁਲੀਸ ਅਨੁਸਾਰ ਮੁਲਜ਼ਮਾਂ ਨੇ ਸਾਜ਼ਿਸ਼ ਤਹਿਤ ਨੌਜਵਾਨ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਮੁਲਜ਼ਮ ਰਾਖੀ ਨੂੰ ਮੋਹਰਾ ਬਣਾਇਆ। ਸੋਸ਼ਲ ਮੀਡੀਆ ’ਤੇ ਹਿਤੇਸ਼ ਨੂੰ ਭਰਮਾ ਕੇ ਖਰੜ ਦੇ ਰਣਜੀਤ ਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਸੱਦਿਆ। ਜਿੱਥੇ ਉਸ ਨੂੰ ਤਿੰਨ ਦਿਨ ਬੇਹੋਸ਼ੀ ਦੀ ਹਾਲਤ ਵਿੱਚ ਰੱਖਿਆ ਗਿਆ। ਅਗਵਾਕਾਰਾਂ ਵੱਲੋਂ ਪੀੜਤ ਨੌਜਵਾਨ ਨੂੰ ਛੱਡਣ ਬਦਲੇ ਉਸ ਦੇ ਮਾਪਿਆਂ ਤੋਂ 50 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ। ਹਿਤੇਸ਼ ਦੇ ਮਾਪਿਆਂ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ।
ਡੀਆਈਜੀ ਭੁੱਲਰ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਤੁਰੰਤ ਬਾਅਦ ਥਾਣਾ ਸਦਰ ਖਰੜ ਵਿੱਚ ਕੇਸ ਦਰਜ ਕਰ ਕੇ ਸੀਨੀਅਰ ਪੁਲੀਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਵੱਖ-ਵੱਖ ਜਾਂਚ ਟੀਮਾਂ ਦਾ ਗਠਨ ਕੀਤਾ ਗਿਆ। ਅਤੇ ਖੁਫ਼ੀਆ ਏਜੰਸੀ ਦੀ ਮਦਦ ਨਾਲ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਮਹਿਜ਼ 48 ਘੰਟਿਆਂ ਵਿੱਚ ਪੁਲੀਸ ਨੇ ਵਿਦਿਆਰਥੀ ਨੂੰ ਅਗਵਾ ਕਰਨ ਦਾ ਮਾਮਲਾ ਹੱਲ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਅਜੈ ਕੁਮਾਰ ਮੈਡੀਕਲ ਕਾਲਜ ਮੁਹਾਲੀ ਵਿੱਚ ਐਮਬੀਬੀਐਸ ਦੇ ਪਹਿਲੇ ਸਾਲ ਦੀ ਪੜ੍ਹਾਈ ਕਰ ਰਿਹਾ ਹੈ। ਮੁਲਜ਼ਮ ਰਾਖੀ ਸੀਯੂ ਘੜੂੰਆਂ ਵਿੱਚ ਐਮਬੀਏ ਦੀ ਵਿਦਿਆਰਥਣ ਹੈ।