ਚੰਡੀਗੜ੍ਹ: ਬੁੜੈਲ ਜੇਲ੍ਹ ਨੇੜਿਓਂ ਵਿਸਫੋਟਕ ਸਮੱਗਰੀ ਮਿਲਣ ਤੋਂ ਦੋ ਦਿਨ ਬਾਅਦ ਵੀ ਪੁਲੀਸ ਦੇ ਹੱਥ ਕੁਝ ਨਹੀਂ ਲੱਗ ਸਕਿਆ ਹੈ ਜਦਕਿ ਪੁਲੀਸ ਦੀਆਂ ਵੱਖ-ਵੱਖ ਟੀਮਾਂ ਨਵਾਂ ਸ਼ਹਿਰ, ਰੂਪਨਗਰ ਅਤੇ ਊਨਾ ਵਿੱਚ ਪੜਤਾਲ ਲਈ ਗਈਆਂ ਹੋਈਆਂ ਹਨ। ਪੁਲੀਸ ਦੀਆਂ ਟੀਮਾਂ ਸ਼ੱਕੀ ਵਿਅਕਤੀਆਂ ਤੋਂ ਪੁੱਛ-ਗਿੱਛ ’ਚ ਜੁਟੀਆਂ ਹੋਈਆਂ ਹਨ ਪਰ ਅਜੇ ਵੀ ਪੁਲੀਸ ਦੇ ਹੱਥ ਖਾਲੀ ਹੀ ਹਨ। ਜੇਲ੍ਹ ਵਿੱਚ ਕਈ ਭਾਵੇ ਮੌਜੂਦਾ ਸਮੇਂ ਕੋਈ ਵੱਡਾ ਅਪਰਾਧਿਕ ਬੰਦੀ ਨਹੀਂ ਹੈ ਪਰ ਅਕਸਰ ਬੁੜੈਲ ਜੇਲ੍ਹ ਵਿੱਚ ਪੰਜਾਬ ਨਾਲ ਸਬੰਧਤ ਕਈ ਵੱਡੇ ਅਪਰਾਧੀਆਂ ਨੂੰ ਰੱਖਿਆ ਜਾਂਦਾ ਹੈ। ਇਸ ਲਈ ਜੇਲ੍ਹ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਚੰਡੀਗੜ੍ਹ ਪੁਲੀਸ ਦੀ ਬਣਦੀ ਹੈ। ਇਸ ਬਾਰੇ ਚੰਡੀਗੜ੍ਹ ਦੇ ਐੱਸਐੱਸਪੀ ਕੁਲਦੀਪ ਸਿੰਘ ਚਹਿਲ ਨੇ ਕਿਹਾ ਕਿ ਪੁਲੀਸ ਦੀਆਂ ਵੱਖ-ਵੱਖ ਟੀਮਾਂ ਵੱਖ-ਵੱਖ ਥਾਵਾਂ ’ਤੇ ਗਈਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਜਾਂਚ ਵਿੱਚ ਹਾਲੇ ਕੋਈ ਵੱਡੀ ਚੀਜ਼ ਹੱਥ ਨਹੀਂ ਲੱਗ ਸਕੀ ਹੈ। – ਟਨਸ