ਕਰਮਜੀਤ ਸਿੰਘ ਚਿੱਲਾ
ਬਨੂੜ, 17 ਮਈ
ਥਾਣਾ ਬਨੂੜ ਦੇ ਮੁਖੀ ਇੰਸਪੈਕਟਰ ਜਗਜੀਤ ਸਿੰਘ ਅਤੇ ਇੰਸਪੈਕਟਰ ਰਮਨ ਕੁਮਾਰ ਦੀ ਅਗਵਾਈ ਹੇਠ ਬਨੂੜ, ਰਾਜਪੁਰਾ, ਘਨੌਰ ਥਾਣਿਆਂ ਅਤੇ ਪੁਲੀਸ ਲਾਈਨ ਪਟਿਆਲਾ ਤੋਂ ਆਏ 100 ਦੇ ਕਰੀਬ ਪੁਲੀਸ ਕਰਮਚਾਰੀਆਂ ਨੇ ਅੱਜ ਇਥੋਂ ਦੇ ਹਾਊਸਫ਼ੈੱਡ ਕੰਪਲੈਕਸ ਵਿੱਚ ਤਲਾਸ਼ੀ ਮੁਹਿੰਮ ਚਲਾਈ। ਸਵੇਰੇ ਛੇ ਵਜੇ ਤੋਂ ਨੌਂ ਵਜੇ ਤੱਕ ਸਮੁੱਚਾ ਹਾਊਸਫ਼ੈੱਡ ਕੰਪਲੈਕਸ ਪੁਲੀਸ ਛਾਉਣੀ ਵਿੱਚ ਤਬਦੀਲ ਹੋਇਆ ਰਿਹਾ ਤੇ ਪੁਲੀਸ ਨੇ ਕਿਸੇ ਨੂੰ ਪੂਰੀ ਤਲਾਸ਼ੀ ਲਏ ਬਿਨ੍ਹਾਂ ਕੰਪਲੈਕਸ ਦੇ ਅੰਦਰ ਅਤੇ ਬਾਹਰ ਨਹੀਂ ਜਾਣ ਦਿੱਤਾ।
ਪੁਲੀਸ ਨੇ ਕੰਪਲੈਕਸ ਅੰਦਰ ਪਹੁੰਚਦਿਆਂ ਹੀ ਮੁੱਖ ਗੇਟ ਨੂੰ ਬੰਦ ਕਰ ਦਿੱਤਾ। ਉਨ੍ਹਾਂ ਫ਼ਲੈਟਾਂ ਦੀ ਪਾਰਕਿੰਗਾਂ ਵਿੱਚ ਖੜ੍ਹੇ ਸਮੁੱਚੇ ਵਾਹਨਾਂ ਦੀ ਜਾਂਚ ਕੀਤੀ ਤੇ ਸਾਰੇ ਬਲਾਕਾਂ ਵਿੱਚ ਕਮਰਿਆਂ ਦੀ ਤਲਾਸ਼ੀ ਲਈ। ਤਲਾਸ਼ੀ ਸਮੇਂ ਇੱਥੇ ਵੱਡੀ ਗਿਣਤੀ ਵਿੱਚ ਰਹਿੰਦੇ ਕਾਲਜਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਸੁੱਤੇ ਪਏ ਸਨ, ਜਿਨ੍ਹਾਂ ਨੂੰ ਪੁਲੀਸ ਦੀ ਦਸਤਕ ਨੇ ਹੀ ਜਗਾਇਆ। ਥਾਣਾ ਮੁਖੀ ਜਗਜੀਤ ਸਿੰਘ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਕੁੱਝ ਵੀ ਇਤਰਾਜ਼ਯੋਗ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇੱਥੇ ਰਹਿੰਦੇ ਕਿਰਾਏਦਾਰਾਂ ਸਬੰਧੀ ਮਕਾਨ ਮਾਲਕਾਂ ਨੂੰ ਪੁਲੀਸ ਵੈਰੀਫਿਕੇਸ਼ਨ ਕਰਾਉਣ ਲਈ ਕਿਹਾ ਗਿਆ ਹੈ ਤੇ ਅਜਿਹਾ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਪੁਲੀਸ ਨੂੰ ਨਸ਼ਾ ਵਿਕਣ ਦੀ ਮਿਲੀ ਸੀ ਇਤਲਾਹ
ਬਨੂੜ ਪੁਲੀਸ ਨੂੰ ਹਾਊਸਫੈੱਡ ਕੰਪਲੈਕਸ ਵਿੱਚ ਚਿੱਟਾ ਵਿਕਣ ਦੀ ਇਤਲਾਹ ਮਿਲੀ ਸੀ। ਇਸ ਸੂਚਨਾ ਦੇ ਆਧਾਰ ’ਤੇ ਹੀ ਪੁਲੀਸ ਨੇ ਕੰਪਲੈਕਸ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਨੂੰ ਅੰਜਾਮ ਦਿੱਤਾ। ਥਾਣਾ ਮੁਖੀ ਨੇ ਵੀ ਇੱਥੇ ਨਸ਼ਾ ਵਿਕਣ ਦੀ ਸੂਚਨਾ ਮਿਲਣ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇੱਥੇ ਸਖ਼ਤੀ ਨਾਲ ਨਿਗਾਹ ਰੱਖੀ ਜਾਵੇਗੀ ਤੇ ਨਸ਼ਾ ਤਸ਼ਕਰਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।