ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 22 ਮਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਇਦਾਦ ਸਬ ਕਮੇਟੀ ਦੀ ਮੀਟਿੰਗ ਇੱਥੇ ਗੁਰਦੁਆਰਾ ਅੰਬ ਸਾਹਿਬ ਫੇਜ਼-8 ਵਿੱਚ ਹੋਈ। ਮੀਟਿੰਗ ਵਿੱਚ ਪਿੰਡ ਸੈਣੀ ਮਾਜਰਾ ਤੇ ਤਸੌਲੀ ਵਿੱਚ ਵਿਵਾਦਿਤ ਜ਼ਮੀਨਾਂ ਦੀ ਸੰਭਾਲ ਸਣੇ ਉਧਾਰੀ ਅਧੀਨ ਮਾਡਰਨ ਸਰਾਂ ਤੇ ਮਲਟੀਪਰਪਜ਼ ਹਾਲ ਦੀ ਉਸਾਰੀ ਬਾਰੇ ਚਰਚਾ ਕੀਤੀ ਗਈ। ਮੀਟਿੰਗ ਉਪਰੰਤ ਐਸਜੀਪੀਸੀ ਮੈਂਬਰਾਂ ਅਜਮੇਰ ਸਿੰਘ ਖੇੜਾ, ਚਰਨਜੀਤ ਸਿੰਘ ਕਾਲੇਵਾਲ ਤੇ ਪਰਮਜੀਤ ਕੌਰ ਲਾਂਡਰਾਂ ਨੇ ਦੱਸਿਆ ਕਿ 27 ਅਪਰੈਲ 2018 ਨੂੰ ਅਦਾਲਤ ਨੇ ਤਸੌਲੀ ਪਿੰਡ ਵਿਚਲੀ ਜ਼ਮੀਨ ਦਾ ਫ਼ੈਸਲਾ ਐਸਜੀਪੀਸੀ ਦੇ ਹੱਕ ਵਿੱਚ ਦਿੱਤਾ ਸੀ, ਜੋ ਕਿ ਸਿਆਸੀ ਦਖ਼ਲਅੰਦਾਜ਼ੀ ਕਾਰਨ ਲਮਕਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂਘਰ ਦੀਆਂ ਜ਼ਮੀਨਾਂ ਦੇ ਮਾਮਲੇ ’ਚ ਸਿਆਸੀ ਦਖ਼ਲਅੰਦਾਜ਼ੀ ਮੰਦਭਾਗੀ ਗੱਲ ਹੈ। ਪਿੰਡ ਸੈਣੀ ਮਾਜਰਾ ਦੀ ਜ਼ਮੀਨ ਵਿਵਾਦ ਬਾਰੇ ੳਨ੍ਹਾਂ ਕਿਹਾ ਕਿ ਇਹ 12 ਏਕੜ ਜ਼ਮੀਨ ਐਸਜੀਪੀਸੀ ਵੱਲੋਂ ਵੇਚੀ ਨਹੀਂ ਜਾ ਰਹੀ ਹੈ ਬਲਕਿ ਸਰਕਾਰ ਵੱਲੋਂ ਗਮਾਡਾ ਰਾਹੀਂ ਐਕੁਆਇਰ ਕੀਤੀ ਜਾ ਰਹੀ ਹੈ। ਨੌਂ ਏਕੜ ਰਕਬੇ ਸਬੰਧੀ ਨੋਟਿਸ ਵੀ ਜਾਰੀ ਹੋ ਚੁੱਕਾ ਹੈ। ਇਸ ਸਬੰਧੀ ਐਸਜੀਪੀਸੀ ਦੇ ਵਫ਼ਦ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਉਕਤ ਜ਼ਮੀਨ ਨੂੰ ਐਕੁਆਇਰ ਨਾ ਕਰਨ ਦੀ ਮੰਗ ਕੀਤੀ ਹੈ। ਮੈਂਬਰਾਂ ਮੁਤਾਬਕ ਗੁਰਦੁਆਰਾ ਅੰਬ ਸਾਹਿਬ ਵਿਖੇ ਮਾਡਰਨ ਸਰਾਂ ਤੇ ਧਾਰਮਿਕ ਸਮਾਗਮ ਤੇ ਅੰਤਿਮ ਅਰਦਾਸ ਲਈ ਇੱਥੇ ਮਲਟੀਪਰਪਜ਼ ਹਾਲ ਬਣਾਇਆ ਜਾ ਰਿਹਾ ਹੈ। ਗੁਰਦੁਆਰਾ ਕੰਪਲੈਕਸ ’ਚ ਚੱਲ ਰਹੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬਾਰੇ ਉਨ੍ਹਾਂ ਕਿਹਾ ਕਿ ਸਕੂਲ ਦੀ ਇਮਾਰਤ ਦੀ ਹਾਲਤ ਖਸਤਾ ਹੋ ਚੁੱਕੀ ਹੈ। ਸਕੂਲ ਪ੍ਰਬੰਧਕਾਂ ਨੂੰ ਇਹ ਥਾਂ ਛੱਡਣ ਬਦਲੇ ਹੋਰ ਢੁਕਵੀਂ ਜ਼ਮੀਨ ਮੁਹੱਈਆ ਕਰਵਾਉਣ ਦੀ ਗੱਲ ਕਹੀ ਗਈ ਹੈ ਪਰ ਉਹ ਦੋ ਏਕੜ ਜ਼ਮੀਨ ਮੰਗ ਰਹੇ ਹਨ।