ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਅਕਤੂਬਰ
ਲੋਕਾਂ ਦੇ ਘਰਾਂ ਤੱਕ ਚਿੱਠੀਆਂ ਪਹੁੰਚਾਉਣ ਦੀ ਥਾਂ ਇਨ੍ਹਾਂ ਚਿੱਠੀਆਂ ਨੂੰ ਰੱਦੀ ’ਚ ਵੇਚਣ ਦੇ ਦੋਸ਼ ਹੇਠ ਚੰਡੀਗੜ੍ਹ ਪੁਲੀਸ ਨੇ ਡਾਕੀਏ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਜੁਮਨ ਵਾਸੀ ਮੁਹਾਲੀ ਵਜੋਂ ਹੋਈ ਹੈ ਜੋ ਕਿ ਸੈਕਟਰ 36 ਸਥਿਤ ਡਾਕਘਰ ਦੇ ਇਲਾਕੇ ’ਚ ਚਿੱਠੀਆਂ ਵੰਡਣ ਦਾ ਕੰਮ ਕਰਦਾ ਸੀ। ਇਹ ਕਾਰਵਾਈ ਥਾਣਾ ਮਲੋਆ ਦੀ ਪੁਲੀਸ ਨੇ ਸੀਡੀਐੱਸ ਇੰਸਟੀਚਿਊਟ ਸੈਕਟਰ-36 ਦੇ ਮੈਨੇਜਰ ਭਿਸ਼ਮ ਚੰਦਰ ਦੀ ਸ਼ਿਕਾਇਤ ’ਤੇ ਕੀਤੀ ਹੈ।
ਪੁਲੀਸ ਅਨੁਸਾਰ ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਦਫ਼ਤਰੀ ਕੰਮਕਾਜ ਸਬੰਧੀ ਡਾਕ ਭੇਜੀ ਜਾਂਦੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਲੋਕਾਂ ਤੱਕ ਡਾਕ ਨਹੀਂ ਪਹੁੰਚ ਰਹੀ ਸੀ। ਜਦੋਂ ਉਨ੍ਹਾਂ ਨੇ ਡਾਕਘਰ ’ਚ ਸੰਪਰਕ ਕੀਤਾ ਅਤੇ ਪਤਾ ਲੱਗਾ ਕਿ ਡਾਕੀਆ ਲੋਕਾਂ ਨੂੰ ਚਿੱਠੀਆਂ ਪਹੁੰਚਾਉਣ ਦੀ ਥਾਂ ਕਬਾੜੀਏ ਨੂੰ ਰੱਦੀ ’ਚ ਵੇਚ ਦਿੰਦਾ ਹੈ। ਥਾਣਾ ਮਲੋਆ ਦੀ ਪੁਲੀਸ ਨੇ ਸ਼ਿਕਾਇਤ ਮਿਲਣ ’ਤੇ ਛਾਪਾ ਮਾਰਿਆ ਤਾਂ ਡਾਕੀਏ ਨੂੰ ਚਿੱਠੀਆਂ ਕਬਾੜ ਦੀ ਦੁਕਾਨ ’ਤੇ ਵੇਚਦੇ ਹੋਏ ਕਾਬੂ ਕਰ ਲਿਆ ਗਿਆ।
ਪੁਲੀਸ ਨੇ ਦੱਸਿਆ ਕਿ ਕਬਾੜ ਦੀ ਦੁਕਾਨ ਤੋਂ ਚਿੱਠੀਆਂ ਨਾਲ ਭਰਿਆ ਬੋਰਾ ਬਰਾਮਦ ਕੀਤਾ ਗਿਆ ਹੈ ਜਿਸ ਦਾ ਭਾਰ 50 ਕਿੱਲੋ ਦੇ ਕਰੀਬ ਬਣਦਾ ਹੈ। ਥਾਣਾ ਮਲੋਆ ਦੇ ਮੁਖੀ ਓਮ ਪ੍ਰਕਾਸ਼ ਨੇ ਦੱਸਿਆ ਕਿ ਡਾਕੀਏ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਤੇ ਚਿੱਠੀਆਂ ਦੀ ਖਰੀਦੋ-ਫ਼ਰੋਖਤ ਲਈ ਕਬਾੜੀਏ ਤੋਂ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।