ਕਰਮਜੀਤ ਸਿੰਘ ਚਿੱਲਾ
ਬਨੂੜ, 6 ਨਵੰਬਰ
ਨੇੜਲੇ ਪਿੰਡ ਕਰਾਲਾ ਦੇ ਵਸਨੀਕ ਪਿੰਡ ਨੇੜੇ ਪੈਂਦੇ ਪੋਲਟਰੀ ਫਾਰਮਾਂ ਦੀ ਗੰਦਗੀ ਤੋਂ ਪੈਦਾ ਹੋਈਆਂ ਮੱਖੀਆਂ ਦੀ ਭਰਮਾਰ ਤੋਂ ਕਾਫ਼ੀ ਪ੍ਰੇਸ਼ਾਨ ਹਨ। ਪਿੰਡ ਵਿੱਚ ਪੋਲਟਰੀ ਫਾਰਮਾਂ ਦੀ ਗੰਦਗੀ ਕਾਰਨ ਫੈਲੀਆਂ ਮੱਖੀਆਂ ਨੂੰ ਦਿਖਾਉਂਦੇ ਹੋਏ ਪਿੰਡ ਦੇ ਸਾਬਕਾ ਸਰਪੰਚ ਮਲਕੀਤ ਸਿੰਘ, ਗੁਰਵਿੰਦਰ ਸਿੰਘ ਕਾਲਾ, ਮਾਸਟਰ ਗੁਰਜੀਤ ਸਿੰਘ, ਜਤਿੰਦਰ ਸਿੰਘ, ਹਰਨੇਕ ਫੌਜੀ, ਪਰਮਜੀਤ ਸਿੰਘ ਤੇ ਹੋਰ ਦਰਜਨ ਦੇ ਕਰੀਬ ਵਸਨੀਕਾਂ ਨੇ ਦੱਸਿਆ ਕਿ ਪਿੰਡ ਵਿੱਚ ਵੱਡੀ ਪੱਧਰ ’ਤੇ ਡੇਂਗੂ ਫੈਲਿਆ ਹੋਇਆ ਹੈ ਅਤੇ ਚਾਰ ਮੌਤਾਂ ਵੀ ਹੋ ਚੁੱਕੀਆਂ ਹਨ।
ਉਨ੍ਹਾਂ ਦੱਸਿਆ ਕਿ ਪੋਲਟਰੀ ਫਾਰਮਾਂ ਦੇ ਬਾਹਰ ਗੰਦਗੀ ਦੇ ਢੇਰ ਲੱਗੇ ਪਏ ਹਨ, ਜਿਸ ਕਾਰਨ ਮੱਖੀਆਂ ਬਹੁਤ ਵੱਧ ਰਹੀਆਂ ਹਨ। ਇਸ ਮਾਮਲੇ ਬਾਰੇ ਜਦੋਂ ਬਨੂੜ ਹਸਪਤਾਲ ਦੀ ਸੀਨੀਅਰ ਮੈਡੀਕਲ ਅਫ਼ਸਰ ਡਾ. ਰਵਨੀਤ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਨ੍ਹਾਂ ਮੰਨਿਆ ਕਿ ਪਿੰਡ ਵਿਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੈ ਜਿਸ ਲਈ ਉਨ੍ਹਾਂ ਵੱਲੋਂ ਉੱਚ ਅਧਿਕਾਰੀਆਂ ਤੇ ਬੀਡੀਪੀਓ ਰਾਜਪੁਰਾ ਨੂੰ ਪਿੰਡ ਵਿੱਚ ਫੌਗਿੰਗ ਤੇ ਸਪਰੇਅ ਕਰਵਾਉਣ ਲਈ ਲਿਖਿਆ ਜਾ ਚੁੱਕਾ ਹੈ।