ਦਰਸ਼ਨ ਸਿੰਘ ਸੋਢੀ
ਮੁਹਾਲੀ, 30 ਅਕਤੂਬਰ
ਪਾਵਰਕੌਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਨੇ ਇਸ ਵਾਰ ਕਾਲੀ ਦੀਵਾਲੀ ਮਨਾਉਣ ਅਤੇ ਲੜੀਵਾਰ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਅੱਜ ਇੱਥੇ ਪਾਵਰਕੌਮ ਠੇਕਾ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ, ਜਿਸ ਵਿੱਚ ਵੱਖ-ਵੱਖ ਸਰਕਲ ਡਿਵੀਜ਼ਨਾਂ ਦੇ ਪ੍ਰਧਾਨਾਂ ਅਤੇ ਸਕੱਤਰਾਂ ਸਮੇਤ ਹੋਰ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਸੂਬਾ ਜੁਆਇੰਟ ਸਕੱਤਰ ਅਜੇ ਕੁਮਾਰ, ਮੀਤ ਪ੍ਰਧਾਨ ਰਜੇਸ਼ ਕੁਮਾਰ, ਮਲਕੀਤ ਸਿੰਘ ਨੇ ਦੱਸਿਆ ਕਿ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਨਿਗਰਾਨੀ ਹੇਠ ਪ੍ਰਮੁੱਖ ਸਕੱਤਰ ਕਿਰਤ ਵਿਭਾਗ ਪੰਜਾਬ, ਪਾਵਰਕੌਮ ਦੇ ਚੇਅਰਮੈਨ, ਪ੍ਰਬੰਧਕੀ ਡਾਇਰੈਕਟਰ, ਡਾਇਰੈਕਟਰ ਵੰਡ ਉੱਪ-ਸਕੱਤਰ ਹੋਮ ਸੈਕਟਰੀ ਪੰਜਾਬ ਸਰਕਾਰ, ਪਾਵਰਕੌਮ ਕਿਰਤ ਕਮਿਸ਼ਨਰ ਪੰਜਾਬ ਨਾਲ ਜਥੇਬੰਦੀ ਦੀਆਂ ਮੀਟਿੰਗ ਵਿੱਚ ਮੰਗਾਂ ਲਾਗੂ ਕਰਨ ਦਾ ਕਈ ਵਾਰ ਭਰੋਸਾ ਦਿੱਤਾ ਗਿਆ ਹੈ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। 2 ਨਵੰਬਰ ਤੋਂ ਸਹਾਇਕ ਕਿਰਤ ਕਮਿਸ਼ਨਰਾਂ ਅਤੇ ਨਿਗਰਾਨ ਇੰਜਨੀਅਰ ਦਫਤਰਾਂ ਅੱਗੇ ਵੱਖ-ਵੱਖ ਮਿਤੀਆਂ ਰਾਹੀਂ ਸਰਕਲ ਪੱਧਰੀ ਧਰਨੇ ਪ੍ਰਦਰਸ਼ਨ ਕੀਤੇ ਜਾਣ ਗਏ। 8 ਨਵੰਬਰ ਨੂੰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਸੂਬਾ ਪੱਧਰੀ ਸੂਬਾ ਪੱਧਰੀ ਕਨਵੈਨਸ਼ਨ ਵਿੱਚ ਸਰਕਲ ਕਮੇਟੀ ਅਤੇ ਡਿਵੀਜ਼ਨ ਕਮੇਟੀਆਂ ਸ਼ਮੂਲੀਅਤ ਕਰਨਗੀਆਂ ਅਤੇ 14 ਨਵੰਬਰ ਨੂੰ ਕਾਲੀ ਦੀਵਾਲੀ ਮਨਾ ਕੇ ਸ਼ਹਿਰ/ਪਿੰਡਾਂ ਵਿਚ ਰੋਸ ਮਾਰਚ ਕੀਤੇ ਜਾਣਗੇ ਅਤੇ ਕੈਪਟਨ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਅਤੇ 17 ਨਵੰਬਰ ਨੂੰ ਕਿਰਤ ਕਮਿਸ਼ਨਰ ਪੰਜਾਬ ਮੁਹਾਲੀ ਦਫ਼ਤਰ ਅੱਗੇ ਪਰਿਵਾਰਾਂ ਤੇ ਬੱਚਿਆਂ ਸਮੇਤ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ।