ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 28 ਅਗਸਤ
ਪਾਵਰਕੌਮ ਵੱਲੋਂ ਡਿਫ਼ਾਲਟਰ ਖਪਤਕਾਰਾਂ ਖ਼ਿਲਾਫ਼ ਅੱਜ ਵਿਸ਼ੇਸ਼ ਮੁਹਿੰਮ ਚਲਾਉਂਦੇ ਹੋਏ ਬਿਜਲੀ ਦਾ ਬਿੱਲ ਨਾ ਭਰਨ ਵਾਲੇ 132 ਖਪਤਕਾਰਾਂ ਦੇ ਕੁਨੈਕਸ਼ਨ ਕੱਟੇ ਗਏ। ਪਾਵਰਕੌਮ ਦੀਆਂ ਵਿਸ਼ੇਸ਼ ਟੀਮਾਂ ਨੇ ਕੁੱਲ 244 ਡਿਫਾਲਟਰਾਂ ਦੇ ਕੁਨੈਸਕਸ਼ਨ ਕੱਟਣ ਦੀ ਮੁਹਿੰਮ ਵਿੱਢੀ ਸੀ, ਜਿਨ੍ਹਾਂ ਵਿੱਚੋਂ 112 ਖਪਤਕਾਰਾਂ ਨੇ ਮੌਕੇ ’ਤੇ ਆਪਣੇ ਬਿੱਲਾਂ ਦਾ ਭੁਗਤਾਨ ਕਰ ਦਿੱਤਾ। ਇਸ ਰਿਕਵਰੀ ਵਿੱਚ ਅੱਜ 39 ਲੱਖ ਰੁਪਏ ਦੀ ਵਸੂਲੀ ਕੀਤੀ ਗਈ। ਪਾਵਰਕੌਮ ਦੇ ਐਕਸੀਅਨ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਨਿਯਮ ਮੁਤਾਬਕ ਬਿਜਲੀ ਬਿੱਲ ਦੀ ਤਰੀਕ ਤੋਂ 45 ਦਿਨਾਂ ਦੇ ਅੰਦਰ ਭੁਗਤਾਨ ਕਰਨਾ ਲਾਜ਼ਮੀ ਹੁੰਦਾ ਹੈ। ਜਿਹੜਾ ਖਪਤਕਾਰ ਤੈਅ ਸਮੇਂ ਅੰਦਰ ਭੁਗਤਾਨ ਨਹੀਂ ਕਰਦਾ ਉਸ ਨੂੰ ਡਿਫਾਲਟਰ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਡੇਰਾਬੱਸੀ ਸ਼ਹਿਰ, ਸੈਦਪੁਰਾ, ਮੁਬਾਰਿਕਪੁਰ, ਲਾਲੜੂ ਤੇ ਹੰਡੇਸਰਾ ਸਰਕਲ ਵਿੱਚ ਸ਼ਿਕੰਜਾ ਕੱਸਣ ਲਈ 15 ਟੀਮਾਂ ਬਣਾਈਆਂ ਗਈਆਂ ਸਨ। ਇਨ੍ਹਾਂ ਟੀਮਾਂ ਵੱਲੋਂ 244 ਡਿਫਾਲਟਰਾਂ ਤੱਕ ਕੁਨੈਕਸ਼ਨ ਕੱਟਣ ਦੀ ਪਹੁੰਚ ਕੀਤੀ ਗਈ। ਇਨ੍ਹਾਂ ਵਿੱਚ ਸੈਦਪੁਰਾ ਦੇ 98, ਮੁਬਾਰਿਕਪੁਰ ਦੇ 58, ਲਾਲੜੂ ਦੇ 63, ਹੰਡੇਸਰਾ ਦੇ 25 ਡਿਫਾਲਟਰ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ 132 ਡਿਫਾਲਟਰਾਂ ਵੱਲੋਂ ਮੌਕੇ ’ਤੇ ਵੀ ਭੁਗਤਾਨ ਨਹੀਂ ਕੀਤਾ ਗਿਆ, ਜਿਨ੍ਹਾਂ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ।
ਖਰੜ (ਪੱਤਰ ਪ੍ਰੇਰਕ): ਖਰੜ ਵਿਚ ਬਿਜਲੀ ਦੇ ਬਿੱਲਾਂ ਦੇ ਬਕਾਇਆਂ ਸਬੰਧੀ ਕਾਰਵਾਈ ਕਰਦਿਆਂ ਅੱਜ ਪਾਵਰਕੌਮ ਦੀ ਟੀਮ ਨੇ ਸ਼ਿਵਜੋਤ ਵਿਚ ਇੱਕ ਮਠਿਆਈ ਦੀ ਦੁਕਾਨ, ਪਾਣੀ ਦੀ ਟੈਂਕੀ, ਪੀ.ਡਬਲਯੂ .ਡੀ ਰੈਸਟ ਹਾਊਸ, ਬੀ.ਐਸ.ਐਨ.ਐਲ, ਹਰਲਾਲਪੁਰ ਦੀ ਪਾਣੀ ਦੀ ਟੈਂਕ ਅਤੇ ਬੈਸਟ ਟਾਵਰ ਆਦਿ ਦੇ ਕੁਨੇਕਸ਼ਨ ਕੱਟ ਦਿੱਤੇ ਗਏ। ਇਸ ਕਾਰਵਾਈ ਨਾਲ 35 ਲੱਖ 40 ਹਜਾਰ 870 ਰੁਪਏ ਦੀ ਵਸੂਲੀ ਕੀਤੀ ਗਈ।