ਹਰਜੀਤ ਸਿੰਘ
ਜ਼ੀਰਕਪੁਰ, 22 ਸਤੰਬਰ
ਪਾਵਰਕੌਮ ਨੇ ਬਿਜਲੀ ਦਾ ਬਿੱਲ ਨਾ ਭਰਨ ਵਾਲੇ ਖਪਤਕਾਰਾਂ ਖ਼ਿਲਾਫ਼ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਪਾਵਰਕੌਮ ਵੱਲੋਂ ਇਕ ਵਿਸ਼ੇਸ਼ ਮੁਹਿੰਮ ਚਲਾ ਕੇ ਬਿਜਲੀ ਦਾ ਬਿੱਲ ਨਾ ਭਰਨ ਵਾਲੇ 72 ਖਪਤਕਾਰਾਂ ਦੇ ਕੁਨੈਕਸ਼ਨ ਕੱਟੇ ਹਨ ਉਥੇ ਸਖ਼ਤੀ ਕਰਨ ਨਾਲ ਪਾਵਰਕੌਮ ਨੂੰ ਇਕ ਕਰੋੜ ਰੁਪਏ ਦੀ ਵਸੂਲੀ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਵਰਕੌਮ ਦੇ ਐਕਸੀਅਨ ਐਚ.ਐਸ. ਓਬਰਾਏ ਨੇ ਦੱਸਿਆ ਕਿ ਲੰਮੇਂ ਸਮੇਂ ਤੋਂ ਪਾਵਰਕੌਮ ਦੇ ਕੁਝ ਖਪਤਕਾਰਾਂ ਵੱਲੋਂ ਬਿਜਲੀ ਦਾ ਬਿੱਲ ਭਰਨ ਵਿੱਚ ਲਗਾਤਾਰ ਲਾਪ੍ਰਵਾਹੀ ਵਰਤੀ ਜਾ ਰਹੀ ਸੀ। ਅਜਿਹੇ ਡਿਫਾਲਟਰ ਖਪਤਕਾਰਾਂ ਨੂੰ ਕਈਂ ਵਾਰ ਚਿਤਾਵਨੀ ਵੀ ਦਿੱਤੀ ਗਈ ਪਰ ਇਸ ਦੇ ਬਾਵਜੂਦ ਉਨ੍ਹਾਂ ਵੱਲੋਂ ਬਿੱਲ ਭਰਨ ਵਿੱਚ ਦੇਰੀ ਕੀਤੀ ਗਈ। ਅਜਿਹੇ ਡਿਫਾਲਟਰ ਖਪਤਕਾਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਅੱਜ ਇਕ ਟੀਮ ਦਾ ਗਠਨ ਕਰਕੇ ਕਾਰਵਾਈ ਆਰੰਭੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਾਰਵਾਈ ਬਲਟਾਣਾ, ਭਬਾਤ, ਲੋਗਹੜ੍ਹ ਸਣੇ ਹੋਰਨਾਂ ਖੇਤਰਾਂ ਵਿੱਚ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਕਾਰਵਾਈ ਤੋਂ ਬਾਅਦ ਤਕਰੀਬਨ 98 ਲੱਖ ਰੁਪਏ ਦੀ ਰਿਕਵਰੀ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਬਕਾਇਆ ਭਰਨ ਵਾਲੇ ਖਪਤਕਾਰਾਂ ਦੇ ਕੁਨੈਕਸ਼ਨ ਜੋੜ ਦਿੱਤੇ ਗਏ। ਕੁਝ ਖਪਤਕਾਰਾਂ ਵੱਲੋਂ ਕੁਝ ਸਮਾਂ ਮੰਗਿਆ ਹੈ ਜਿਨ੍ਹਾਂ ਨੂੰ ਤੈਅ ਸਮੇਂ ਵਿੱਚ ਬਿੱਲ ਦੀ ਅਦਾਇਗੀ ਨਾ ਕਰਨ ’ਤੇ ਉਨ੍ਹਾਂ ਦੇ ਕੁਨੈਕਸ਼ਨ ਕੱਟ ਦਿੱਤੇ ਜਾਣਗੇ।