ਮਿਹਰ ਸਿੰਘ
ਕੁਰਾਲੀ, 23 ਮਾਰਚ
ਦੀਨ ਦਿਆਲ ਉਪਾਧਿਆਏ ਗ੍ਰਾਮ ਜਯੋਤੀ ਯੋਜਨਾ ਤਹਿਤ ਬਿਜਲੀ ਦੇ ਵੱਖਰੇ ਖੰਭੇ ਲਗਾਉਣ ਲਈ ਪੁੱਜੀ ਪਾਵਰਕੌਮ ਦੀ ਟੀਮ ਨੂੰ ਲੋਕਾਂ ਦੇ ਵਿਰੋਧ ਕਾਰਨ ਪਿੰਡ ਸਲੇਮਪੁਰ ਤੋਂ ਬੇਰੰਗ ਪਰਤਣਾ ਪਿਆ। ਲੋਕਾਂ ਨੇ ਵੱਖਰੇ ਖੰਭੇ ਨਾ ਲੱਗਣ ਦੇਣ ਦਾ ਐਲਾਨ ਕੀਤਾ।
ਸਰਕਾਰ ਵੱਲੋਂ ਚਲਾਈ ਯੋਜਨਾ ਤਹਿਤ ਸਿੰਜਾਈ ਲਈ ਵੱਖਰੀ ਬਿਜਲੀ ਸਪਲਾਈ ਲਾਈਨ ਪਾਉਣ ਲਈ ਵਿਭਾਗ ਦੀ ਟੀਮ ਟਰੱਕ ਟਰਾਲੇ ਉੱਤੇ ਖੰਭੇ ਲੈ ਕੇ ਪਿੰਡ ਸਲੇਮਪੁਰ ਪੁੱਜੀ। ਪਿੰਡ ਵਿੱਚ ਖੰਭੇ ਉਤਾਰੇ ਜਾਣ ਦੀ ਸੂਚਨਾ ਮਿਲਦਿਆਂ ਹੀ ਇਲਾਕੇ ਦੇ ਕਿਸਾਨ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਖੰਭੇ ਲਾਹੇ ਜਾਣ ਤੇ ਵੱਖਰੀ ਲਾਈਨ ਪਾ ਕੇ ਬਿਜਲੀ ਸਪਲਾਈ ਵਿੱਚ ਕੱਟ ਲਗਾਉਣ ਦਾ ਖਦਸ਼ਾ ਪ੍ਰਗਟ ਕਰਦਿਆਂ ਇਸ ਦਾ ਵਿਰੋਧ ਕੀਤਾ। ਇਸ ਦੌਰਾਨ ਪਿੰਡ ਇਕੱਠੇ ਹੋਏ ਲੋਕਾਂ ਨੇ ਟਰੱਕ ਟਰਾਲੇ ਵਿੱਚੋਂ ਲਾਹੇ ਖੰਭੇ ਖੁਦ ਮੁੜ ਟਰਾਲੇ ਵਿੱਚ ਲੱਦ ਦਿੱਤੇ ਅਤੇ ਟਰਾਲੇ ਨੂੰ ਪਿੰਡ ਤੋਂ ਰਵਾਨਾ ਕਰ ਦਿੱਤਾ।
ਇਸੇ ਦੌਰਾਨ ਇਲਾਕਾ ਨਿਵਾਸੀਆਂ ਜਸਪਾਲ ਸਿੰਘ ਸਲੇਮਪੁਰ, ਭੁਪਿੰਦਰ ਸਿੰਘ, ਅਵਤਾਰ ਸਿੰਘ, ਬਲਵੀਰ ਸਿੰਘ, ਸਤਨਾਮ ਸਿੰਘ, ਅਮਨਦੀਪ ਸਿੰਘ ਗੋਲਡੀ, ਗੁਰਮੇਲ ਸਿੰਘ ਅਤੇ ਪਰਰਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਲਾਗੂ ਕੀਤੀ ਜਾ ਰਹੀ ਦੀਨ ਦਿਆਲ ਉਪਾਧਿਆਏ ਗ੍ਰਾਮ ਜਯੋਤੀ ਯੋਜਨਾ ਲੋਕ ਮਾਰੂ ਸਕੀਮ ਹੈ ਜਿਸ ਤਹਿਤ ਪਿੰਡਾਂ ਵਿੱਚ ਵੱਖਰੇ ਖੰਭੇ ਲਗਾ ਕੇ ਕੰਢੀ ਇਲਾਕੇ ਵਿੱਚ 24 ਘੰਟੇ ਮੋਟਰਾਂ ਦੀ ਬਿਜਲੀ ਦੀ ਸਪਲਾਈ ਘਟਾ ਕੇ ਸਿਰਫ 8 ਘੰਟੇ ਦੀ ਸਪਲਾਈ ਤੱਕ ਸੀਮਿਤ ਕਰ ਦਿੱਤਾ ਜਾਵੇਗਾ। ਕਿਸਾਨਾਂ ਨੇ ਕਿਹਾ ਕਿ ਇਹ ਫੈਸਲਾ ਕੰਢੀ ਇਲਾਕੇ ਦੇ ਵਿਸ਼ੇਸ਼ ਅਧਿਕਾਰਾਂ ’ਤੇ ਵੀ ਹਮਲਾ ਹੈ। ਉਨ੍ਹਾਂ ਇਸ ਸਕੀਮ ਦਾ ਵਿਰੋਧ ਕਰਨ ਅਤੇ ਜ਼ਰੂਰਤ ਪੈਣ ’ਤੇ ਸੰਘਰਸ਼ ਕਰਨ ਦਾ ਐਲਾਨ ਵੀ ਕੀਤਾ।
ਬਿਜਲੀ ਸਪਲਾਈ ਵਿੱਚ ਕਟੌਤੀ ਨਹੀਂ ਹੋਵੇਗੀ: ਰੰਗੀ
ਪਾਵਰਕੌਮ ਦੇ ਵਧੀਕ ਨਿਗਰਾਨ ਇੰਜਨੀਅਰ ਐਨਐੱਸ ਰੰਗੀ ਨੇ ਦੱਸਿਆ ਕਿ ਦੀਨ ਦਿਆਲ ਉਪਾਧਿਆਏ ਸਕੀਮ ਤਹਿਤ ਬਿਜਲੀ ਸਪਲਾਈ ਵਿੱਚ ਸੁਧਾਰ ਲਈ ਨਵੀਆਂ ਲਾਈਨਾਂ ਪਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲਾਈਨਾਂ ਦੇ ਪੈਣ ਨਾਲ ਬਿਜਲੀ ਸਪਲਾਈ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਇਸ ਸਬੰਧੀ ਭਰਮ ਖਤਮ ਕਰਨ ਅਤੇ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।