ਪੱਤਰ ਪ੍ਰੇਰਕ
ਕੁਰਾਲੀ, 17 ਸਤੰਬਰ
ਪਾਵਰਕੌਮ ਦੇ ਕੱਚੇ ਕਾਮਿਆਂ ਵਲੋਂ ਸਰਕਾਰ ਖ਼ਿਲਾਫ਼ ਆਰੰਭੇ ਸੰਘਰਸ਼ ਤਹਿਤ ਅੱਜ ਖਰੜ ਵਿੱਚ ਕੈਬਨਿਟ ਮੰਤਰੀ ਦੇ ਦਫ਼ਤਰ ਦਾ ਘਿਰਾਓ ਕਰਨ ਜਾ ਰਹੇ ਪਾਵਰਕੌਮ ਮੁਲਾਜ਼ਮਾਂ ਨੂੰ ਸਥਾਨਕ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਪੁਲੀਸ ਨੇ ਮੁਲਾਜ਼ਮਾਂ ਨੂੰ ਅੱਜ ਦਿਨ ਭਰ ਹਿਰਾਸਤ ’ਚ ਰੱਖਿਆ। ਜ਼ਿਲ੍ਹਾ ਪੁਲੀਸ ਵਲੋਂ ਅੱਜ ਕਈ ਡੀਐੱਸਪੀ ਰੈਂਕ ਦੇ ਕਈ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਕੁਰਾਲੀ ਬਾਈਪਾਸ ਉਤੇ ਕਰੜੀ ਨਾਕਾਬੰਦੀ ਕੀਤੀ ਗਈ। ਇੱਥੇ ਜਾਂਚ ਦੌਰਾਨ ਪਾਵਰਕੌਮ ਮੁਲਾਜ਼ਮਾਂ ਦੀ ਪਛਾਣ ਹੋਣ ’ਤੇ ਉਨ੍ਹਾਂ ਦੇ ਵਾਹਨ ਪੁਲੀਸ ਨੇ ਕਬਜ਼ੇ ਵਿੱਚ ਲੈ ਕੇ ਮੁਲਾਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲੀਸ ਨੇ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੀਆਂ ਬੱਸਾਂ ਰਾਹੀਂ ਪਾਵਰਕੌਮ ਮੁਲਾਜ਼ਮਾਂ ਨੂੰ ਪਹਿਲਾਂ ਸ਼ਹਿਰ ਦੇ ਥਾਣਾ ਸਿਟੀ ਅਤੇ ਸਦਰ ਪਹੁੰਚਾਇਆ ਪਰ ਗਿਣਤੀ ਜ਼ਿਆਦਾ ਹੋਣ ਕਾਰਨ ਫਿਰ ਉਨ੍ਹਾਂ ਨੂੰ ਸ਼ਹਿਰ ਦੀ ਹੱਦ ਅੰਦਰ ਨਗਰ ਕੌਂਸਲ ਦੇ ਮਿਉਂਸਿਪਲ ਕਮਿਊਨਿਟੀ ਸੈਂਟਰ ਤੇ ਮੋਰਿਡਾ ਰੋਡ ’ਤੇ ਸਥਿਤ ਕਲਸੀ ਫਾਰਮ ਵਿੱਚ ਬੰਦ ਕਰ ਦਿੱਤਾ। ਮੀਡੀਆ ਨੂੰ ਵੀ ਨਜ਼ਰਬੰਦ ਕੀਤੇ ਪਾਵਰਕੌਮ ਮੁਲਾਜ਼ਮਾਂ ਦੇ ਨੇੜੇ ਨਹੀਂ ਜਾਣ ਦਿੱਤਾ। ਖ਼ਬਰ ਲਿਖੇ ਜਾਣ ਦੇਰ ਸ਼ਾਮ ਤੱਕ ਪਾਵਰਕੌਮ ਮੁਲਾਜ਼ਮ ਪੁਲੀਸ ਪਹਿਰੇ ਹੇਠ ਵੱਖ ਵੱਖ ਥਾਵਾਂ ’ਤੇ ਬੰਦ ਕਰ ਕੇ ਰੱਖੇ ਹੋਏ ਸਨ।
ਡੀਐੱਸਪੀ ਮੁੱਲਾਂਪੁਰ ਗਰੀਬਦਾਸ ਧਰਮਵੀਰ ਸਿੰਘ ਨੇ ਦੱਸਿਆ ਕਿ ਹਿਰਾਸਤ ਵਿੱਚ ਲਏ ਮੁਲਾਜ਼ਮਾਂ ਨੂੰ ਦੇਰ ਸ਼ਾਮ ਛੱਡ ਦਿੱਤਾ ਜਾਵੇਗਾ।
ਖਰੜ (ਪੱਤਰ ਪ੍ਰੇਰਕ): ਬਿਜਲੀ ਖੇਤਰ ਦੇ ਨਿੱਜੀਕਰਨ ਦੇ ਵਿਰੋਧ ਵਿੱਚ ਸਮੂਹ ਆਊਟਸੋਰਸਡ ਠੇਕਾ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਇੱਥੇ ਟੌਲ ਪਲਾਜ਼ਾ ਭਾਗੋਮਾਜਰਾ ’ਤੇ ਧਰਨਾ ਦਿੱਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਖਬਰ ਭੇਜੇ ਜਾਣ ਤੱਕ ਇਹ ਧਰਨਾ ਜਾਰੀ ਸੀ। ਧਰਨੇ ਵਿੱਚ ਮੁਲਾਜ਼ਮਾਂ ਦੇ ਪਰਿਵਾਰਾਂ ਨੇ ਵੀ ਸ਼ਮੂਲੀਅਤ ਕੀਤੀ। ਉਹ ਮੰਗ ਕਰ ਰਹੇ ਹਨ ਕਿ ਇਨ੍ਹਾਂ ਮੁਲਾਜਮਾਂ ਨੂੰ ਪਹਿਲ ਅਤੇ ਤਜਰਬੇ ਦੇ ਆਧਾਰ ’ਤੇ ਵਿਭਾਗ ਵਿਚ ਮਰਜ਼ ਕੀਤਾ ਜਾਵੇ, ਪਾਵਰਕੌਮ ਅਤੇ ਟਰਾਂਸਕੋ ਵਿਭਾਗ ਦੇ ਨਿੱਜੀਕਰਨ ਅਤੇ ਨਵੇਂ ਬਿਜਲੀ ਕਾਨੂੰਨ 2022 ਨੂੰ ਰੱਦ ਕਰੇ ਆਦਿ।