ਸਰਬਜੀਤ ਸਿੰਘ ਭੱਟੀ
ਲਾਲੜੂ, 5 ਜੁਲਾਈ
ਟੌਲ ਪਲਾਜ਼ਾ ਦੱਪਰ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਮਿਲਣ ਲਈ ਅੱਜ ਬਿਜਲੀ ਵਿਭਾਗ ਦੇ ਅਧਿਕਾਰੀ ਪੁੱਜੇ ਅਤੇ ਉਨ੍ਹਾਂ ਬਿਜਲੀ ਦੀ ਸਮੱਸਿਆਵਾਂ ਸਬੰਧੀ ਕਿਸਾਨਾ ਨਾਲ ਮੀਟਿੰਗ ਕੀਤੀ ਤੇ ਭਰੋਸਾ ਦਿਵਾਇਆ ਕਿ ਵਿਭਾਗ ਵਲੋਂ ਉਨ੍ਹਾਂ ਨੂੰ ਕਿਸੇ ਤਰ੍ਹਾ ਦੀ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂ ਮਨਪ੍ਰੀਤ ਸਿੰਘ ਅਮਲਾਲਾ, ਨਿਰਮੈਲ ਸਿੰਘ ਜੌਲਾ, ਕਰਮ ਸਿੰਘ ਬਰੌਲੀ, ਕੁਲਦੀਪ ਸਿੰਘ ਸਰਸੀਣੀ, ਗੁਰਪ੍ਰੀਤ ਸਿੰਘ ਜਾਸਤਨਾ, ਬਲਜਿੰਦਰ ਸਿੰਘ ਚਡਿਆਲਾ ਨੇ ਮੀਟਿੰਗ ਦੌਰਾਨ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਸਾਨਾਂ ਨੂੰ ਆ ਰਹੀ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪਾਵਰਕੌਮ ਦੇ ਐੱਸਈ ਮੁਹਾਲੀ ਮੋਹਿਤ ਸੂਦ, ਐਕਸੀਅਨ ਲਾਲੜੂ ਇੰਦਰਪ੍ਰੀਤ ਸਿੰਘ, ਐੱਸਡੀਓ ਲਾਲੜੂ ਪਰਦੀਪ ਕੁਮਾਰ ਨੇ ਕਿਸਾਨਾ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤੇ ਜਾਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਬਿਜਲੀ ਸਬੰਧੀ ਕੋਈ ਮੁਸ਼ਕਲ ਨਹੀਂ ਆਵੇਗੀ।
ਬਨੂੜ (ਕਰਮਜੀਤ ਸਿੰਘ ਚਿੱਲਾ): ਪਾਵਰਕੌਮ ਦੇ ਬਨੂੜ ਉਪ ਮੰਡਲ ਵਿੱਚ ਨਵੇਂ ਲਗਾਏ ਗਏ ਐੱਸਡੀਓ ਮਨਦੀਪ ਅੱਤਰੀ ਨੇ ਵਿਭਾਗ ਦੇ ਐੱਸਈ, ਐਕਸ਼ੀਅਨ ਤੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਉੱਤੇ ਅੱਜ ਆਪਣੇ ਅਹੁਦੇ ਦਾ ਚਾਰਜ ਸੰਭਾਲਦਿਆਂ ਹੀ ਬਨੂੜ ਸ਼ਹਿਰ ਸਮੇਤ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਖਪਤਕਾਰਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਅਤੇ ਖੇਤੀਬਾੜੀ ਲਈ ਅੱਠ ਘੰਟੇ ਪਾਵਰ ਸਪਲਾਈ ਯਕੀਨੀ ਬਣਾਉਣ ਦਾ ਭਰੋਸਾ ਦਿਵਾਇਆ। ਉਨ੍ਹਾਂ ਪਿੰਡ ਜਾਂਸਲਾ, ਜਾਂਸਲੀ ਅਤੇ ਕਾਲੋਮਾਜਰਾ ਵਿੱਚ ਪਿੰਡਾਂ ਦੇ ਮੀਟਰ ਬਕਸਿਆਂ ਦੀ ਖਸਤਾ ਹਾਲਤ ਦਾ ਵੀ ਜਾਇਜ਼ਾ ਲਿਆ। ਐੱਸਡੀਓ ਨੇ ਪਿੰਡਾਂ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਦਾ ਢੁਕਵਾਂ ਹੱਲ ਕੱਢਣ ਦਾ ਭਰੋਸਾ ਦਿਵਾਇਆ। ਇਸ ਮੌਕੇ ਜੇਈ ਜਗਤਾਰ ਸਿੰਘ ਵੀ ਮੌਜੂਦ ਸਨ।