ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 5 ਅਕਤੂਬਰ
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲੋੜਵੰਦ ਲੋਕਾਂ ਲਈ ‘ਕਰੈਡਿਟ ਲਿੰਕਡ ਸਬਸਿਡੀ ਸਕੀਮ’ ਲਾਗੂ ਕਰਨ ਦਾ ਫੈ਼ਸਲਾ ਕੀਤਾ ਗਿਆ ਹੈ। ਕੇਂਦਰ ਸਰਕਾਰ ਦੀ ‘ਪ੍ਰਧਾਨ ਮੰਤਰੀ ਆਵਾਸ ਯੋਜਨਾ-ਅਰਬਨ’ ਤਹਿਤ ਇਹ ਸਕੀਮ ਲਾਗੂ ਹੋਵੇਗੀ, ਜਿਸ ਅਨੁਸਾਰ ਇਸ ਸਕੀਮ ਦੇ ਲਾਭਾਰਥੀਆਂ ਨੂੰ ਘਰ ਖਰੀਦਣ ਲਈ ਲਈ ਲਏ ਗਏ ਕਰਜ਼ੇ ’ਤੇ ਬਣਦੇ ਵਿਆਜ ’ਤੇ ਸਬਸਿਡੀ ਦਿੱਤੀ ਜਾਵੇਗੀ। ਇਹ ਸਬਸਿਡੀ ਮਕਾਨ ਦੀ ਉਸਾਰੀ ਕਰਨ ਜਾਂ ਮਕਾਨ ਖਰੀਦਣ ਲਈ, ਦੋਵੇ ਸ਼੍ਰੇਣੀ ਦੇ ਲਾਭਾਰਥੀਆਂ ਨੂੰ ਦਿੱਤੀ ਜਾਵੇਗੀ। ਇਸਦੇ ਨਾਲ ਹੀ ਪਹਿਲਾਂ ਤੋਂ ਬਣਾਏ ਗਏ ਮਕਾਨ ਦੀ ਹੋਰ ਉਸਾਰੀ ਲਈ ਵੀ ਇਹ ਸਬਸਿਡੀ ਮਿਲੇਗੀ। ਪ੍ਰਸ਼ਾਸਨ ਵੱਲੋਂ ਲਾਗੂ ਕੀਤੀ ਜਾ ਰਹੀ ਇਸ ਸਕੀਮ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਚੰਡੀਗੜ੍ਹ ਹਾਊਸਿੰਗ ਬੋਰਡ ਵਲੋਂ ਪੰਜਾਬ ਨੈਸ਼ਨਲ ਬੈਂਕ ਤੇ ਹੋਰ ਬੈਂਕਾਂ ਨਾਲ ਮਿਲ ਕੇ 6 ਤੇ 7 ਅਕਤੂਬਰ ਨੂੰ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਜਾਗਰੂਕਤਾ ਕੈਂਪ ਲਗਾਏ ਜਾਣਗੇ। ਲਾਭਾਰਥੀਆਂ ਲਈ ਈਡਬਲਿਊਐੱਸ ਤੇ ਲੋਅ-ਇਨਕਮ ਗਰੁੱਪ ਕੈਟੇਗਰੀ ਲਈ ਪਰਿਵਾਰਕ ਆਮਦਨੀ 3 ਤੋਂ 6 ਲੱਖ ਸਾਲਾਨਾ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਇਸੇ ਤਰ੍ਹਾਂ ਮਿਡਲ ਇਨਕਮ ਗਰੁੱਪ-1 ਲਈ ਆਮਦਨੀ 6 ਤੋਂ 12 ਲੱਖ ਰੁਪਏ ਸਲਾਨਾਂ ਵਿਚਕਾਰ ਹੋਣੀ ਚਾਹੀਦੀ ਹੈ। ਮਿਡਲ ਇਨਕਮ ਗਰੁੱਪ-2 ਲਈ ਸਾਲਾਨਾ ਆਮਦਨੀ 12 ਤੋਂ 18 ਲੱਖ ਰੁਪਏ ਤੱਕ ਹੋਣੀ ਚਾਹੀਦੀ ਹੈ।