ਆਤਿਸ਼ ਗੁਪਤਾ
ਚੰਡੀਗੜ੍ਹ, 15 ਜੂਨ
ਟ੍ਰਾਈਸਿਟੀ ਵਿੱਚ ਜੇਠ ਦੇ ਮਹੀਨੇ ਵਿੱਚ ਪੈ ਰਹੀ ਅਤਿ ਦੀ ਗਰਮੀ ਨੇ ਲੋਕਾਂ ਦਾ ਜਿਉੂਣਾ ਮੁਹਾਲ ਕੀਤਾ ਹੋਇਆ ਸੀ। ਇਸੇ ਦੌਰਾਨ ਹਾੜ੍ਹ ਮਹੀਨੇ ਦੇ ਚੜ੍ਹਦੇ ਹੀ ਬੁੱਧਵਾਰ ਨੂੰ ਟ੍ਰਾਈਸਿਟੀ ਵਿੱਚ ਪ੍ਰੀ-ਮੌਨਸੂਨ ਨੇ ਦਸਤਕ ਦੇ ਦਿੱਤੀ ਹੈ। ਸ਼ਾਮ ਸਮੇਂ ਚੰਡੀਗੜ੍ਹ ਅਤੇ ਮੁਹਾਲੀ ਵਿੱਚ ਪਏ ਮੀਂਹ ਕਰਕੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਮੌਸਮ ਵਿਭਾਗ ਨੇ 16 ਤੋਂ 18 ਜੂਨ ਤੱਕ ਟ੍ਰਾਈਸਿਟੀ ਵਿੱਚ ਤੇਜ਼ ਮੀਂਹ ਅਤੇ 30 ਤੋਂ 50 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 42.6 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 31.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬੁੱਧਵਾਰ ਨੂੰ ਸਾਰਾ ਦਿਨ ਤੇਜ਼ ਧੁੱਪ ਅਤੇ ਲੂ ਚੱਲਣ ਕਰਕੇ ਸੜਕਾਂ ’ਤੇ ਸੰਨਾਟਾ ਪਸਰਿਆ ਰਿਹਾ। ਸ਼ਾਮ ਸਮੇਂ ਬੱਦਲਵਾਈ ਅਤੇ ਹਨੇਰੀ ਤੋਂ ਬਾਅਦ ਚੰਡੀਗੜ੍ਹ ਅਤੇ ਮੁਹਾਲੀ ਵਿੱਚ ਮੀਂਹ ਕਰਕੇ ਤਾਪਮਾਨ ਵੀ ਹੇਠਾਂ ਡਿੱਗ ਗਿਆ ਹੈ। ਮੌਸਮ ਵਿੱਚ ਬਦਲਾਅ ਦੇ ਨਾਲ ਹੀ ਸ਼ਹਿਰ ਦੀਆਂ ਸੁੰਨ ਪਈਆਂ ਸੜਕਾਂ ’ਤੇ ਲੋਕਾਂ ਦੀ ਭੀੜ ਜੁਟਣੀ ਸ਼ੁਰੂ ਹੋ ਗਈ। ਚੰਡੀਗੜ੍ਹ ਮੌਸਮ ਵਿਭਾਗ ਦੇ ਵਿਗਿਆਨੀ ਸ਼ਿਵਿੰਦਰ ਸਿੰਘ ਨੇ ਦੱਸਿਆ ਕਿ 16 ਤੋਂ 18 ਜੂਨ ਤੱਕ ਚੰਡੀਗੜ੍ਹ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਣਾ ਹੈ। ਉਸ ਤੋਂ ਬਾਅਦ ਇਕ ਹਫ਼ਤਾ ਮੌਸਮ ਖੁਸ਼ਕ ਰਹੇਗਾ।