ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਨਵੰਬਰ
ਤਿਉਹਾਰਾਂ ਦੇ ਸੀਜ਼ਨ ਵਿੱਚ ਪਿਆਜ਼ਾਂ ਸਣੇ ਸਬਜ਼ੀਆਂ ਅਤੇ ਫਲਾਂ ਦੀਆਂ ਵਧੀਆਂ ਕੀਮਤਾਂ ਨੇ ਸ਼ਹਿਰ ਵਾਸੀਆਂ ਦਾ ਬਜਟ ਹਿਲਾ ਦਿੱਤਾ ਹੈ। ਇਸੇ ਦੌਰਾਨ ਪਿਆਜ਼ਾਂ ਦੀਆਂ ਕੀਮਤਾਂ ਨੂੰ ਨੱਥ ਪਾਉਣ ਲਈ ਯੂਟੀ ਪ੍ਰਸ਼ਾਸਨ ਵੱਲੋਂ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ ਤਾਂ ਜੋ ਕੋਈ ਵਪਾਰੀ ਪਿਆਜ਼ਾਂ ਦਾ ਅਣਧਿਕਾਰਤ ਤੌਰ ’ਤੇ ਭੰਡਾਰ ਨਾ ਕਰ ਸਕੇ ਤੇ ਕਾਲਾਬਾਜ਼ਾਰੀ ਨੂੰ ਰੋਕਿਆ ਜਾ ਸਕੇ।
ਯੂਟੀ ਪ੍ਰਸ਼ਾਸਨ ਨੇ ਅਧਿਕਾਰੀਆਂ ਨੇ ਅੱਜ ਸਵੇਰੇ ਸੈਕਟਰ-26 ਦੀ ਸਬਜ਼ੀ ਮੰਡੀ ਵਿੱਚ ਚੈਕਿੰਗ ਕੀਤੀ ਅਤੇ ਪਿਆਜ਼ ਵਪਾਰੀਆਂ ਦੇ ਗੁਦਾਮਾਂ ਦੀ ਜਾਂਚ ਕਰਦਿਆਂ ਗੁਦਾਮਾਂ ਵਿੱਚ ਪਏ ਪਿਆਜ਼ਾਂ ਨੂੰ ਨਿਰਧਾਰਤ ਸਟਾਕ ਨਾਲ ਮਿਲਾਇਆ ਗਿਆ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪਿਆਜ਼ ਦੇ ਥੋਕ ਵਪਾਰੀਆਂ ਅਤੇ ਪ੍ਰਚੂਨ ਵਪਾਰੀਆਂ ਨੂੰ ਪਿਆਜ਼ਾਂ ਦਾ ਸੀਮਤ ਭੰਡਾਰ ਕਰਨ ਦੀ ਪ੍ਰਵਾਨਗੀ ਦਿੱਤੀ। ਉਨ੍ਹਾਂ ਦੱਸਿਆ ਕਿ ਥੋਕ ਵਪਾਰੀ 25 ਮੀਟਰਕ ਟਨ ਅਤੇ ਪ੍ਰਚੂਨ ਵਪਾਰੀ 2 ਮੀਟਰਕ ਟਨ ਪਿਆਜ਼ਾਂ ਦਾ ਭੰਡਾਰ ਕਰ ਸਕਦੇ ਹਨ।
ਇਸੇ ਦੌਰਾਨ ਪਿਆਜ਼ਾਂ ਦੀ ਕਾਲਾਬਾਜ਼ਾਰੀ ਅਤੇ ਮੁੱਲ ਸਬੰਧੀ ਯੂਟੀ ਪ੍ਰਸ਼ਾਸਨ ਨੇ ਸਬਜ਼ੀ ਵਪਾਰੀਆਂ ਨੂੰ ਆਦੇਸ਼ ਦਿੱਤੇ ਕਿ ਹਰ ਕੋਈ ਪਿਆਜ਼ਾਂ ਦੀ ਖਰੀਦ ਵੇਚ ਦਾ ਪੂਰਾ ਰਿਕਾਰਡ ਆਪਣੇ ਕੋਲ ਰੱਖੇਗਾ ਅਤੇ ਪਿਆਜ਼ ਨੂੰ ਥੋਕ ਕੀਮਤ ਵਿੱਚ 40 ਤੋਂ 45 ਰੁਪਏ ਅਤੇ ਪ੍ਰਚੂਨ ਵਿੱਚ 60 ਤੋਂ 65 ਰੁਪਏ ਪ੍ਰਤੀ ਕਿਲੋ ਤੋਂ ਵੱਧ ਮੁੱਲ ’ਤੇ ਨਹੀਂ ਵੇਚਿਆ ਜਾ ਸਕੇਗਾ। ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਪਿਆਜ਼ਾਂ ਦੀ ਕਾਲਾਬਾਜ਼ਾਰੀ ਕਰਦਾ ਵਿਖਾਈ ਦਿੱਤਾ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।