ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 6 ਨਵੰਬਰ
ਇੱਥੇ ਪਟਿਆਲਾ ਰੋਡ ’ਤੇ ਸਥਿਤ ਬਾਲਾ ਜੀ ਐਨਕਲੇਵ ਵਿੱਚ ਦੀਵਾਲੀ ਤੋਂ ਇਕ ਦਿਨ ਪਹਿਲਾਂ ਛੋਟੀ ਦੀਵਾਲੀ ਵਾਲੀ ਰਾਤ ਦੀਵੇ ਜਗਾਉਂਦੇ ਸਮੇਂ ਇੱਕ ਗਰਭਵਤੀ ਮਹਿਲਾ ਝੁਲਸ ਗਈ ਜਿਸ ਨੂੰ ਨਾਜ਼ੁਕ ਹਾਲਤ ਵਿੱਚ ਚੰਡੀਗੜ੍ਹ ਪੀਜੀਆਈ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਔਰਤ ਦੇ ਪੇਟ ਵਿੱਚ ਪਲ਼ ਰਹੇ ਬੱਚੇ ਦੀ ਮੌਤ ਹੋ ਗਈ ਜਦਕਿ ਮਹਿਲਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੜਤਾਲੀਆ ਅਫ਼ਸਰ ਸਹਾਇਕ ਇੰਸਪੈਕਟਰ ਮਨਦੀਪ ਸਿੰਘ ਨੇ ਦੱਸਿਆ ਕਿ ਹਰਪਿੰਦਰ ਕੌਰ ਪਤਨੀ ਗੁਰਵਿੰਦਰ ਸਿੰਘ ਜੋ ਦੀਵਾਲੀ ਤੋਂ ਇੱਕ ਰਾਤ ਪਹਿਲਾਂ ਸ਼ਾਮ ਨੂੰ ਆਪਣੇ ਘਰ ਵਿੱਚ ਦੀਵੇ ਜਗਾ ਰਹੀ ਸੀ ਕਿ ਇਸ ਦੌਰਾਨ ਨੇੜੇ ਭਰੀ ਪਈ ਪੈਟਰੋਲ ਦੀ ਬੋਤਲ ਨੇ ਅਚਾਨਕ ਅੱਗ ਫੜ ਲਈ ਜਿਸ ਨੇ ਹਰਪਿੰਦਰ ਕੌਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਉਸ ਨੂੰ ਗੰਭੀਰ ਹਾਲਤ ਵਿੱਚ ਚੰਡੀਗੜ੍ਹ ਪੀਜੀਆਈ ਦਾਖ਼ਲ ਕਰਵਾਇਆ ਗਿਆ ਜਿੱਥੇ ਉਸਦੇ ਪੇਟ ਵਿੱਚ ਪਲ ਰਹੇ ਬੱਚੇ ਦੀ ਮੌਤ ਹੋ ਗਈ ਜਦਕਿ ਮਹਿਲਾ ਜ਼ੇਰੇ ਇਲਾਜ ਹੈ। ਪੜਤਾਲੀਆ ਅਫ਼ਸਰ ਮਨਦੀਪ ਸਿੰਘ ਨੇ ਦੱਸਿਆ ਕਿ ਔਰਤ 65 ਪ੍ਰਤੀਸ਼ਤ ਤੱਕ ਸੜ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਿਸ ਵੇਲੇ ਹਾਦਸਾ ਵਾਪਰਿਆ, ਉਸ ਵੇਲੇ ਘਰ ਵਿੱਚ ਔਰਤ ਤੋਂ ਇਲਾਵਾ ਉਸ ਦੀ 16 ਸਾਲਾਂ ਧੀ ਅਤੇ ਸੱਸ ਮੌਜੂਦ ਸਨ।