ਚਰਨਜੀਤ ਚੰਨੀ
ਮੁੱਲਾਂਪੁਰ ਗਰੀਬਦਾਸ, 22 ਅਗਸਤ
ਪਿੰਡ ਫਿਰੋਜ਼ਪੁਰ ਬੰਗਰ ਵਿੱਚ ਹੋਮੀ ਭਾਬਾ ਕੈਂਸਰ ਹਸਪਤਾਲ ਤੇ ਰਿਸਰਚ ਸੈਂਟਰ ਦਾ ਰਸਮੀ ਉਦਘਾਟਨ ਕਰਨ ਲਈ 24 ਅਗਸਤ ਨੂੰ ਪੁੱਜ ਰਹੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਹਸਪਤਾਲ ਦੇ ਪ੍ਰਬੰਧਕਾਂ ਨੇ ਸਾਰੀਆ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਪ੍ਰਧਾਨ ਮੰਤਰੀ ਦੇ ਹਾਲੀਕਾਪਟਰ ਉਤਾਰਨ ਲਈ ਦੋ ਹੈਲੀਪੈਡ ਬਣਾ ਦਿੱਤੇ ਗਏ ਹਨ। ਉਦਘਾਟਨ ਕਰਨ ਮਗਰੋਂ ਰੈਲੀ ਕਰਨ ਲਈ ਹਰ ਸਹੂਲਤ ਵਾਲਾ ਆਲੀਸ਼ਾਨ ਪੰਡਾਲ ਬਣਾਇਆ ਗਿਆ ਹੈ। ਮੁੱਲਾਂਪੁਰ ਗਰੀਬਦਾਸ-ਮਾਜਰਾ ਛੇ ਮਾਰਗੀ ਸੜਕ ਸਮੇਤ ਓਮੈਕਸ ਰਾਣੀਮਾਜਰਾ ਵੱਲ ਨੂੰ ਜਾਂਦੀ ਸੜਕ ਨੂੰ ਸਜਾਇਆ ਜਾ ਰਿਹਾ ਹੈ, ਸੜਕ ਉੱਤੇ ਪਈ ਮਿੱਟੀ ਨੂੰ ਟਰੈਕਟਰ ਟਰਾਲੀਆਂ ਰਾਹੀਂ ਚੁੱਕਵਾਇਆ ਜਾ ਰਿਹਾ ਹੈ। ਬਿਜਲੀ ਦੇ ਖੰਭਿਆਂ ਉੱਤੇ ਖਰਾਬ ਲਾਈਟਾਂ ਠੀਕ ਕਰਨ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ। ਸਫਾਈ ਮੁਹਿੰਮ ਨੂੰ ਦੇਖਦਿਆਂ ਲੋਕਾਂ ਨੇ ਤਨਜ਼ ਕੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰ ਵਾਰ ਪੰਜਾਬ ਵਿੱਚ ਗੇੜਾ ਮਾਰਦੇ ਰਹਿਣ ਤਾਂ ਜੋ ਸਮੇਂ ਸਮੇਂ ਸੜਕਾਂ ਦੀ ਮੁਰੰਮਤ ਤੇ ਸਫ਼ਾਈ ਹੋ ਸਕੇ।
ਜ਼ਿਲ੍ਹਾ ਪੁਲੀਸ ਮੁਖੀ ਵਿਵੇਕਸ਼ੀਲ ਸੋਨੀ, ਮੁੱਲਾਂਪੁਰ ਜ਼ੋਨ ਦੇ ਡੀਐੱਸਪੀ ਧਰਮਵੀਰ ਸਿੰਘ ਤੇ ਥਾਣਾ ਮੁੱਲਾਂਪੁਰ ਗਰੀਬਦਾਸ ਦੇ ਐੱਸਐੱਚਓ ਸਤਿੰਦਰ ਸਿੰਘ ਅਨੁਸਾਰ ਸੁਰੱਖਿਆ ਪੱਖੋਂ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਥਾਂ-ਥਾਂ ਤਾਇਨਾਤ ਕੀਤੇ ਗਏ ਹਨ। ਸ਼ਾਮ ਵੇਲੇ ਪੁਲੀਸ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਵੱਲੋਂ 24 ਅਗਸਤ ਦੇ ਸਮਾਗਮ ਸਬੰਧੀ ਵਿਸ਼ੇਸ਼ ਰਿਹਰਸਲ ਕੀਤੀ ਗਈ। ਹਸਪਤਾਲ ਦੇ ਡਿਪਟੀ ਡਾਇਰੈਕਟਰ ਅਸ਼ੀਸ਼ ਗੁਲੀਆ ਅਨੁਸਾਰ ਹਸਪਤਾਲ ਅੰਦਰ ਕੈਂਸਰ ਦੇ ਮਰੀਜ਼ਾਂ ਨੂੰ ਹਰ ਸਹੂਲਤ ਮਿਲੇਗੀ। ਪਿੰਡ ਫਿਰੋਜਪੁਰ ਬੰਗਰ ਦੇ ਸਰਪੰਚ ਗੁਰਪ੍ਰੀਤ ਸਿੰਘ ਤੇ ਯੂਥ ਆਗੂ ਹਰਮੀਤ ਸਿੰਘ ਨੇ ਮੰਗ ਕੀਤੀ ਹੈ ਕਿ ਇਸ ਹਸਪਤਾਲ ਵਿੱਚ ਜੇਕਰ ਪਿੰਡ ਸਮੇਤ ਇਲਾਕੇ ਦੇ ਪਿੰਡਾਂ ਦੇ ਲੋੜਵੰਦ ਲੋਕਾਂ ਨੂੰ ਰੁਜ਼ਗਾਰ ਪਹਿਲ ਦੇ ਆਧਾਰ ਉਤੇ ਮਿਲੇ ਤਾਂ ਬਿਹਤਰ ਗੱਲ ਹੋਵੇਗੀ।