ਸਰਬਜੀਤ ਸਿੰਘ ਭੱਟੀ
ਲਾਲੜੂ, 19 ਜਨਵਰੀ
ਕੇਂਦਰੀ ਖੇਤਰੀ ਕਾਨੂੰਨਾਂ ਦੇ ਖਿਲਾਫ 26 ਜਨਵਰੀ ਨੂੰ ਕਿਸਾਨ ਸੰਗਠਨਾਂ ਵਲੋਂ ਐਲਾਨੇ ਪ੍ਰੋਗਰਾਮ ਦੀ ਰੂਪਰੇਖਾ ਤੈਅ ਕਰਨ ਲਈ ਦੱਪਰ ਟੌਲ ਪਲਾਜ਼ਾ ’ਤੇ ਕਿਸਾਨ ਇਕੱਠੇ ਹੋਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ ਵੀ ਪੁੱਜੇ। ਇਸ ਮੌਕੇ ਕਿਸਾਨ ਆਗੂਆਂ ਨੇ ਲੋਕਾਂ ਨੂੰ 26 ਜਨਵਰੀ ਦੇ ਪ੍ਰੋਗਰਾਮ ਦੇ ਲਈ ਲਾਮਬੰਦ ਤੇ ਵੱਡੀ ਗਿਣਤੀ ਵਿੱਚ ਦਿੱਲੀ ਪੁੱਜਣ ਦਾ ਸੱਦਾ ਦਿੱਤਾ। ਇਸ ਮੌਕੇ ਕਿਸਾਨ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਨਿਰਮੈਲ ਸਿੰਘ ਜੌਲਾ, ਕਰਮ ਸਿੰਘ ਬਰੌਲੀ, ਮਨਪ੍ਰੀਤ ਸਿੰਘ ਅਮਲਾਲਾ, ਪ੍ਰੇਮ ਰਾਣਾ, ਸੁਭਾਸ਼ ਰਾਣਾ, ਜਰਨੈਲ ਸਿੰਘ ਝਰਮੜੀ ਮੌਜੂਦ ਸਨ।
ਮੋਰਿੰਡਾ (ਸੰਜੀਵ ਤੇਜਪਾਲ): ਸੰਯੁਕਤ ਕਿਸਾਨ ਮੋਰਚੇ ਵੱਲੋਂ ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਕੱਢੀ ਜਾਣ ਵਾਲੀ ਟਰੈਕਟਰ ਪਰੇਡ ਸਬੰਧੀ ਇਕੱਤਰਤਾ 21 ਜਨਵਰੀ ਨੂੰ ਗੁਰਦੁਆਰਾ ਸ਼ਹੀਦਗੰਜ ਮੋਰਿੰਡਾ ਵਿੱਚ ਕੀਤੀ ਜਾਵੇਗੀ। ਸੀਨੀਅਰ ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ ਨੇ ਸਮੂਹ ਕਿਸਾਨ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਇਕੱਤਰਤਾ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ।
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਵੱਲੋਂ ਕਿਸਾਨੀ ਸੰਘਰਸ਼ ਦੇ ਹੱਕ ਵਿਚ ਦਿੱਲੀ ਦੇ ਸਿੰਘੂ ਬਾਰਡਰ ’ਤੇ ਜਾ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਇਲਾਵਾ ਸਮੂਹ ਸਟਾਫ਼ ਵੱਲੋਂ ਕਿਸਾਨੀ ਸੰਘਰਸ਼ ਲਈ ਇੱਕ ਟਰੱਕ ਸੁੱਕਾ ਰਾਸ਼ਨ ਦਾ ਦਿੱਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਜੀ.ਐਸ ਲਾਂਬਾ, ਡਾ. ਲਖਵਿੰਦਰ ਸਿੰਘ, ਡਾ. ਗੁਰਸੇਵਕ ਸਿੰਘ ,ਜਸਵੀਰ ਸਿੰਘ, ਡਾ. ਜਸਪ੍ਰੀਤ ਸਿੰਘ, ਪ੍ਰੋ. ਹਰ੍ਰਪੀਤ ਸਿੰਘ ਔਜਲਾ, ਪ੍ਰੋ. ਨਵਦੀਪ ਕੌਰ ਬਰਾੜ ਹਾਜ਼ਰ ਸਨ।
ਐੱਸਏਐਸ.ਨਗਰ (ਕਰਮਜੀਤ ਸਿੰਘ ਚਿੱਲਾ): ਇੱਥੋਂ ਦੇ ਵੱਖ-ਵੱਖ ਸੈਕਟਰਾਂ ਦੀਆਂ ਵਸਨੀਕ ਮਹਿਲਾਵਾਂ ਨੇ ਇੱਕ ਜਥੇ ਨੇ ਕਿਸਾਨ ਸੰਘਰਸ਼ ਸਬੰਧੀ ਤਿਆਰ ਕੀਤੀ ਇੱਕ ਸਕਿੱਟ ਦੀ ਟਿੱਕਰੀ ਹੱਦ ਉੱਤੇ ਲੱਗੇ ਧਰਨੇ ਦੀ ਸਟੇਜ ਉੱਤੇ ਪੇਸ਼ਕਾਰੀ ਕੀਤੀ। ਇੰਦਰਜੀਤ ਕੌਰ ਕੰਬੋਜ ਨੇ ਦੱਸਿਆ ਕਿ ਕਰਮਜੀਤ ਬਰਾੜ, ਪਿੰਕੀ ਔਲਖ, ਰੋਜ਼ੀ ਬਰਾੜ, ਸਵੀਟੀ ਢਿਲੋਂ ਆਦਿ ਦੀ ਅਗਵਾਈ ਹੇਠ ਸਕਿੱਟ ਦੀ ਪੇਸ਼ਕਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਗਲੇ ਦਿਨਾਂ ਵਿੱਚ ਹੋਰਨਾਂ ਸੰਘਰਸ਼ ਵਾਲੀਆਂ ਥਾਵਾਂ ਵਿੱਚ ਵੀ ਅਜਿਹੀਆਂ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ ਅਤੇ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਥਾਂ-ਥਾਂ ਲਾਮਬੰਦੀ ਪੈਦਾ ਕੀਤੀ ਜਾਵੇਗੀ।
ਕਿਸਾਨੀ ਸੰਘਰਸ਼ ਦੀ ਹਮਾਇਤ
ਰੂਪਨਗਰ (ਬਹਾਦਰਜੀਤ ਸਿੰਘ): ਇੱਥੇ ਅੱਜ ਆਲ ਇੰਡੀਆ ਪ੍ਰੋਵੀਡੈਂਟ ਫੰਡ ਸੇਵਾ ਮੁਕਤ ਪੈਨਸ਼ਨਰਜ਼ ਵਰਕਰਜ਼ ਫੈਡਰੇਸ਼ਨ, ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਕੌਮੀ ਪ੍ਰਧਾਨ ਕਰਨੈਲ ਸਿੰਘ ਲਖਮੀਪੁਰ ਦੀ ਪ੍ਰਧਾਨਗੀ ਹੇਠ ਸਥਾਨਕ ਮਹਾਰਾਜਾ ਰਣਜੀਤ ਸਿੰਘ ਬਾਗ ਵਿੱਚ ਹੋਈ। ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਟਹਿਲ ਸਿੰਘ ਲੁਠੇੜੀ ਅਤੇ ਪੰਜਾਬ ਦੇ ਪ੍ਰੈੱਸ ਸਕੱਤਰ ਜੈਮਸ ਮਸੀਹ ਅਤੇ ਮੀਤ ਪ੍ਰਧਾਨ ਹੰਸਰਾਜ ਰੈਲਮਾਜਰਾ ਨੇ ਕਿਹਾ ਕਿ ਸੇਵਾਮੁਕਤ ਈਪੀਐੱਫ ਮੁਲਾਜ਼ਮਾਂ ਵੱਲੋਂ ਕਿਸਾਨ ਮੋਰਚੇ ਦੇ ਸੰਘਰਸ਼ ਦੀ ਹਮਾਇਤ ਕੀਤੀ ।
ਕਿਸਾਨਾਂ ਦੀ ਚੜ੍ਹਦੀ ਕਲਾ ਲਈ ਹਵਨ ਕਰਾਇਆ
ਅੰਬਾਲਾ (ਰਤਨ ਸਿੰਘ ਢਿੱਲੋਂ): ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਸ਼ੰਭੂ ਟੌਲ ਪਲਾਜ਼ਾ ’ਤੇ ਧਰਨੇ ’ਤੇ ਬੈਠੇ ਕਿਸਾਨਾਂ ਨੇ ਅੱਜ ਅੰਦੋਲਨ ਦੀ ਸਫਲਤਾ, ਚੜ੍ਹਦੀ ਕਲਾ ਅਤੇ ਸਰਕਾਰ ਦੀ ਸੱਦ-ਬੁੱਧੀ ਲਈ ਹਵਨ-ਯੱਗ ਕਰਾਇਆ। ਉਨ੍ਹਾਂ ਕਿਹਾ ਕਿ ਜਦ ਤੱਕ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ, ਉਨ੍ਹਾਂ ਦਾ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ। ਕਿਸਾਨ ਨੇਤਾ ਗੁਲਾਬ ਸਿੰਘ ਨੇ ਕਿਹਾ ਕਿ ਹਵਨ ਅੰਦੋਲਨ ਦੀ ਚੜ੍ਹਦੀ ਕਲਾ ਲਈ ਕਰਵਾਇਆ ਗਿਆ ਹੈ। ਇਸ ਮੌਕੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਬਾਰੇ ਖ਼ਬਰ ਛਾਪਣ ਵਾਲੇ ਹਿੰਦੀ ਅਖ਼ਬਾਰ ਦੀਆਂ ਕਾਪੀਆਂ ਸਾੜੀਆਂ ਅਤੇ ਐਲਾਨ ਕੀਤਾ ਕਿ ਜੇ ਇਸ ਤਰ੍ਹਾਂ ਦੀਆਂ ਖਬਰਾਂ ਛਪਣੀਆਂ ਬੰਦ ਨਾ ਹੋਈਆਂ ਤਾਂ ਅਖ਼ਬਾਰ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।
ਦੋਧੀ ਯੂਨੀਅਨ ਵੱਲੋਂ ਰੋਸ ਮਾਰਚ 23 ਨੂੰ
ਚੰਡੀਗੜ੍ਹ (ਪੱਤਰ ਪ੍ਰੇਰਕ): ਪੈਰੀਫੇਰੀ ਮਿਲਕਮੈਨ ਯੂਨੀਅਨ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ 23 ਜਨਵਰੀ ਨੂੰ ਵਿਸ਼ਾਲ ਰੋਸ ਮਾਰਚ ਕੱਢਿਆ ਜਾਵੇਗਾ। ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਦੱਸਿਆ ਕਿ 23 ਜਨਵਰੀ ਨੂੰ ਸਵੇਰੇ ਗੁਰਦੁਆਰਾ ਬਾਗ ਸ਼ਹੀਦਾਂ ਚੰਡੀਗੜ੍ਹ, ਸੈਕਟਰ 44 ਤੋਂ ਮੋਟਰਸਾਈਕਲ ਮਾਰਚ ਸ਼ੁਰੂ ਹੋਵੇਗਾ ਜੋ ਕਿ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਤੱਕ ਹੋਵੇਗਾ।ਇਹ ਮਾਰਚ 26 ਜਨਵਰੀ ਦੀ ਟਰੈਕਟਰ ਪਰੇਡ ਦੀਆਂ ਤਿਆਰੀਆਂ ਦਾ ਇੱਕ ਹਿੱਸਾ ਹੋਵੇਗਾ।