ਮੁਕੇਸ਼ ਕੁਮਾਰ
ਚੰਡੀਗੜ੍ਹ, 17 ਜੁਲਾਈ
ਆਰਥਿਕ ਤੰਗੀ ਦਾ ਸਾਹਮਣਾ ਕਰ ਰਹੀ ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਪ੍ਰਾਪਰਟੀ ਦੀ ਖਰੀਦੋ-ਫਰੋਖਤ ਅਤੇ ਵਾਹਨਾਂ ਦੀ ਰਜਿਸਟਰੇਸ਼ਨ ’ਤੇ ਸੈੱਸ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਬਾਰੇ ਨਗਰ ਨਿਗਮ ਦੀ ਕਮਾਈ ਵਧਾਉਣ ਦੇ ਸਰੋਤਾਂ ਦੀ ਪੜਚੋਲ ਕਰਨ ਲਈ ਬਣਾਈ ਗਈ ਕਮੇਟੀ ਦੀ ਅੱਜ ਮੀਟਿੰਗ ਹੋਈ। ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਅਧੀਨ ਵਾਹਨ ਰਜਿਸਟਰੇਸ਼ਨ ਅਤੇ ਲਾਇਸੈਂਸਿੰਗ ਅਥਾਰਿਟੀ ਸਮੇਤ ਸਟੰਪ ਡਿਊਟੀ ਤੋਂ ਹੋਣ ਵਾਲੀ ਕਮਾਈ ਨਗਰ ਨਿਗਮ ਅਧੀਨ ਲਿਆਉਣ ਲਈ ਪ੍ਰਸ਼ਾਸਨ ਕੋਲ ਅਪੀਲ ਕਰਨ ਦਾ ਫੈਸਲਾ ਕੀਤਾ ਤਾਂ ਕਿ ਨਗਰ ਨਿਗਮ ਦੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਮਿਲ ਸਕੇ। ਕਮੇਟੀ ਮੈਂਬਰਾਂ ਨੇ ਚੌਥੇ ਦਿੱਲੀ ਵਿੱਤ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਨੂੰ ਲਾਗੂ ਕਰਨ ਲਈ ਵੀ ਚਰਚਾ ਕੀਤੀ। ਮੀਟਿੰਗ ਦੌਰਾਨ ਨਗਰ ਨਿਗਮ ਲਈ ਮਾਲੀਆ ਸਰੋਤ ਪੈਦਾ ਕਰਨ ਦੀਆਂ ਸੰਭਾਵਨਾਵਾਂ ਸਬੰਧੀ ਪ੍ਰਾਈਵੇਟ ਏਜੰਸੀ ਵਲੋਂ ਸਰਵੇਖਣ ਕਰਵਾਉਣ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਨ੍ਹਾਂ ਸੁਝਾਵਾਂ ਨੂੰ ਅੰਤਿਮ ਰੂਪ ਦੇਣ ਲਈ ਅਗਲੀ ਮੀਟਿੰਗ 24 ਜੁਲਾਈ ਨੂੰ ਬੁਲਾਈ ਗਈ ਹੈ। ਮੌਜੂਦਾ ਮੀਟਿੰਗ ਵਿੱਚ ਕਮੇਟੀ ਮੈਂਬਰ ਰਾਜੇਸ਼ ਕੁਮਾਰ ਕਾਲੀਆ. ਅਨਿਲ ਕੁਮਾਰ ਦੂਬੇ, ਮਹੇਸ਼ ਇੰਦਰ ਸਿੰਘ ਸਿੱਧੂ, ਦਿਵੇਸ਼ ਮੌਦਗਿਲ, ਸਤੀਸ਼ ਕੁਮਾਰ ਕੈਂਥ ਸਮੇਤ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸਤੀਸ਼ ਕੁਮਾਰ ਜੈਨ ਹਾਜ਼ਰ ਸਨ।
ਕਮੇਟੀ ਮੈਂਬਰਾਂ ਵੱਲੋਂ ਦਿੱਤੇ ਗਏ ਸੁਝਾਅ
ਕਮੇਟੀ ਮੈਂਬਰ ਨੇ ਨਿਗਮ ਦੇ ਆਮਦਨੀ ਲਈ ਸਰੋਤ ਪੈਦਾ ਕਰਨ ਲਈ ਸ਼ਹਿਰ ਦੇ ਕਮਿਊਨਿਟੀ ਸੈਂਟਰਾਂ ਸਮੇਤ ਨਗਰ ਨਿਗਮ ਅਧੀਨ ਟਿਊਬਵੈੱਲਾਂ ਦੀਆਂ ਇਮਾਰਤ ਵਿੱਚ ਬੈਂਕਾਂ ਨੂੰ ਆਪਣੇ ਏਟੀਐਮ ਲਗਾਉਣ ਲਈ ਕਿਰਾਏ ’ਤੇ ਦੇਣ ਲਈ ਵੀ ਵਿਚਾਰ ਵਟਾਂਦਰਾ ਕੀਤਾ। ਨਿਗਮ ਦੇ ਰੈਵੇਨਿਊ ਮਹਿਕਮੇ ਦੇ ਮਾਲੀਆ ਵਿੰਗ ਵਿੱਚ ਪਟਵਾਰੀ ਤੇ ਕਾਨੂੰਗੋ ਦੀ ਖਾਲੀ ਪਈ ਅਸਾਮੀ ਭਰਨ ਦੀ ਸਲਾਹ ਦਿੱਤੀ ਗਈ ਤਾਂਕਿ ਨਗਰ ਨਿਗਮ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਪਿੰਡਾਂ ਦੀਆਂ ਜਾਇਦਾਦਾਂ ਤੇ ਜ਼ਮੀਨਾਂ ਸਮੇਤ ਮਾਲੀਆ ਰਿਕਾਰਡ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਸ਼ਹਿਰ ਵਿੱਚ ਇਸ਼ਤਿਹਾਰਾਂ ਤੋਂ ਵੀ ਨਿਗਮ ਆਪਣੀ ਆਮਦਨੀ ਵਧਾਉਣ ਦੀ ਤਿਆਰੀ ਵਿੱਚ ਹੈ। ਸ਼ਹਿਰ ਵਿੱਚ ਬੱਸ ਸਟਾਪ ਅਤੇ ਯੂਨੀਪੋਲ ਲਗਾ ਕੇ ਇਸ਼ਤਿਹਾਰਬਾਜ਼ੀ ਤੋਂ ਕਮਾਈ ਕੀਤੀ ਜਾਵੇਗੀ। ਇਸ ਬਾਰੇ ਵੀ ਕਮੇਟੀ ਦੇ ਮੈਂਬਰਾਂ ਨੇ ਸਲਾਹ ਮਸ਼ਵਰਾ ਕੀਤਾ। ਕਮੇਟੀ ਮੈਂਬਰਾਂ ਨੇ ਸ਼ਹਿਰ ਵਿੱਚ ਖਾਣ-ਪੀਣ ਦੀਆਂ ਦੁਕਾਨਾਂ ਅੱਗੇ ਖਾਲੀ ਪਈ ਥਾਂ ਨੂੰ ਦੁਕਾਨਦਾਰਾਂ ਨੂੰ ਪ੍ਰਤੀ ਗਜ਼ ਦੇ ਹਿਸਾਬ ਨਾਲ ਕਿਰਾਏ ’ਤੇ ਦੇਣ ਲਈ ਵੀ ਚਰਚਾ ਕੀਤੀ ਜਿਥੇ ਦੁਕਾਨਦਾਰ ਆਪਣੇ ਗਾਹਕਾਂ ਲਈ ਮੇਜ਼ ਤੇ ਕੁਰਸੀਆਂ ਲਗਾ ਸਕਣਗੇ। ਕਮੇਟੀ ਮੈਂਬਰਾਂ ਨੇ ਸ਼ਹਿਰ ਵਿੱਚ ਪਾਣੀ ਦੇ ਬਿਲਾਂ ਦੀ ਲਮੇਂ ਸਮੇਂ ਤੋਂ ਬਕਾਇਆ ਰਾਸ਼ੀ ਨੂੰ ਵਸੂਲਣ ਲਈ ਡਿਫਾਲਟਰ ਖਪਤਕਾਰਾਂ ਨੂੰ ਇੱਕ-ਮੁਸ਼ਤ ਯੋਜਨਾ ਤੇ ਤਹਿਤ ਨਿਪਟਾਰਾ ਕੀਤਾ ਜਾਵੇ।