ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 22 ਨਵੰਬਰ
ਸਿੱਖਿਆ ਵਿਭਾਗ ਵੱਲੋਂ ਯੂਟੀ ਦੇ ਪ੍ਰਾਈਵੇਟ ਤੇ ਕਾਨਵੈਂਟ ਸਕੂਲਾਂ ਵਿੱਚ ਸਾਲ 2022-23 ਦੌਰਾਨ ਐਂਟਰੀ ਲੈਵਲ ਦਾਖਲੇ ਲਈ ਸੰਭਾਵਤ ਸਾਂਝੀ ਸਮਾਂ ਸਾਰਣੀ ਤਿਆਰ ਕਰ ਲਈ ਗਈ ਹੈ, ਜਿਸ ’ਤੇ ਅੰਤਿਮ ਮੋਹਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਪ੍ਰਾਈਵੇਟ ਸਕੂਲ ਮੁਖੀਆਂ ਨਾਲ 24 ਨਵੰਬਰ ਦੀ ਮੀਟਿੰਗ ਮਗਰੋਂ ਲੱਗੇਗੀ। ਦੂਜੇ ਪਾਸੇ ਸਕੂਲ ਮੁਖੀਆਂ ਨੇ ਸਿੱਖਿਆ ਵਿਭਾਗ ਨੂੰ ਫੀਸਾਂ ਦੇ ਮਾਮਲੇ ਵਿੱਚ ਬੇਲੋੜੀ ਦਖਲਅੰਦਾਜ਼ੀ ਬੰਦ ਕਰਨ ਲਈ ਕਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਪ੍ਰਾਈਵੇਟ ਸਕੂਲਾਂ ਨੇ ਐਂਟਰੀ ਲੈਵਲ ਜਮਾਤ ਤੋਂ ਫੀਸ ਵਧਾਉਣ ਦੀ ਤਿਆਰੀ ਕਰ ਲਈ ਹੈ। ਸਕੂਲਾਂ ਦਾ ਕਹਿਣਾ ਹੈ ਕਿ ਕਰੋਨਾ ਕਾਰਨ ਉਨ੍ਹਾਂ ਨੂੰ ਪੂਰੀਆਂ ਫੀਸਾਂ ਨਹੀਂ ਮਿਲੀਆਂ, ਜਿਸ ਕਾਰਨ ਉਨ੍ਹਾਂ ਨੂੰ ਵਿੱਤੀ ਘਾਟਾ ਹੋਇਆ ਹੈ। ਇਸ ਕਰ ਕੇ ਡਰਾਅ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਫੀਸਾਂ ਵਧਾਉਣ ਦੀ ਇਜਾਜ਼ਤ ਦਿੱਤੀ ਜਾਵੇ। ਸੂਤਰਾਂ ਤੋਂ ਹਾਸਲ ਜਾਣਕਾਰੀ ਅਨੁਸਾਰ ਜ਼ਿਲ੍ਹਾ ਸਿੱਖਿਆ ਦਫ਼ਤਰ ਨੇ ਸਾਂਝੇ ਐਂਟਰੀ ਲੈਵਲ ਦਾਖਲਿਆਂ ਲਈ ਸ਼ਡਿਊਲ ਤਿਆਰ ਕਰ ਲਿਆ ਹੈ। ਇਸ ਸਬੰਧੀ ਮੀਟਿੰਗ ਪਹਿਲਾਂ 23 ਨਵੰਬਰ ਨੂੰ ਸੱਦੀ ਗਈ ਸੀ, ਪਰ 23 ਨਵੰਬਰ ਨੂੰ ਸੀਬੀਐੱਸਈ ਦੀ ਪ੍ਰੀਖਿਆ ਹੋਣੀ ਹੈ, ਜਿਸ ਕਰ ਕੇ ਕਈ ਸਕੂਲ ਮੁਖੀਆਂ ਨੇ ਇਸ ਮੀਟਿੰਗ ਵਿਚ ਆਉਣ ਤੋਂ ਅਸਮਰੱਥਾ ਜਤਾਈ। ਹੁਣ ਇਹ ਮੀਟਿੰਗ 24 ਨਵੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸੈਕਟਰ-18 ਵਿੱਚ ਹੋਵੇਗੀ। ਇਸ ਤੋਂ ਬਾਅਦ ਮਾਪੇ ਆਪਣੇ ਬੱਚਿਆਂ ਦੇ ਦਾਖਲੇ ਲਈ ਫਾਰਮ ਲੈ ਕੇ ਜਮ੍ਹਾਂ ਕਰਵਾਉਣਗੇ। ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਕੋਰ ਕਮੇਟੀ ਮੈਂਬਰਾਂ ਨੂੰ ਸੰਭਾਵਤ ਦਾਖਲਾ ਲਿਸਟ ਦਿਖਾਈ ਜਾਵੇਗੀ ਅਤੇ ਜੇਕਰ ਜ਼ਿਆਦਾਤਰ ਸਕੂਲ ਮੁਖੀਆਂ ਨੂੰ ਇਤਰਾਜ਼ ਹੋਵੇਗਾ ਤਾਂ ਹੀ ਤਾਰੀਖਾਂ ਵਿਚ ਫੇਰਬਦਲ ਕੀਤਾ ਜਾਵੇਗਾ।
78 ਪ੍ਰਾਈਵੇਟ ਤੇ 114 ਸਰਕਾਰੀ ਸਕੂਲਾਂ ਵਿੱਚ ਹੋਣਗੇ ਦਾਖਲੇ
ਚੰਡੀਗੜ੍ਹ ਵਿੱਚ ਇਸ ਵੇਲੇ 78 ਪ੍ਰਾਈਵੇਟ ਤੇ 114 ਸਰਕਾਰੀ ਸਕੂਲ ਹਨ, ਜਿਨ੍ਹਾਂ ਵਿੱਚ ਐਂਟਰੀ ਲੈਵਲ ਜਮਾਤਾਂ ਲਈ ਦਾਖਲੇ ਹੋਣਗੇ। ਸਕੱਤਰੇਤ ਦੇ ਰਿਕਾਰਡ ਵਿੱਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਸਕੂਲਾਂ ਵਿੱਚ 9500 ਦੇ ਕਰੀਬ ਸੀਟਾਂ ਲਈ ਦਾਖਲੇ ਹੋਣਗੇ। ਇਹ ਦਾਖਲੇ ਇਸ ਲਈ ਮਹੱਤਵਪੂਰਨ ਹਨ ਕਿ ਮਾਪਿਆਂ ਦੀ ਖਾਹਿਸ਼ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਨੂੰ ਸ਼ਹਿਰ ਦੇ ਮੋਹਰੀ ਸਕੂਲਾਂ ਵਿੱਚ ਦਾਖਲਾ ਮਿਲੇ। ਇਹ ਦਾਖਲੇ ਡਰਾਅ ਵਿਧੀ ਰਾਹੀਂ ਹੋਣਗੇ। ਪਹਿਲਾਂ ਕਰੋਨਾ ਕਾਰਨ ਪਿਛਲੇ ਸਾਲ ਸਕੂਲਾਂ ਵੱਲੋਂ ਸਿਰਫ ਦਸ ਦੇ ਕਰੀਬ ਮਾਪਿਆਂ ਨੂੰ ਡਰਾਅ ਲਈ ਸੱਦਿਆ ਗਿਆ ਸੀ, ਪਰ ਹੁਣ ਸਾਰੇ ਮਾਪਿਆਂ ਨੂੰ ਸਕੂਲ ਆ ਕੇ ਡਰਾਅ ਦੇਖਣ ਦਾ ਸੱਦਾ ਦਿੱਤਾ ਜਾਵੇਗਾ।