ਸ਼ਸ਼ੀ ਪਾਲ ਜੈਨ
ਖਰੜ, 13 ਜੂਨ
ਅੱਜ ਖਰੜ ਨਗਰ ਕੌਸਲ ਦੇ ਵਾਰਡ ਨੰਬਰ 11 ਵਿੱਚ ਉਸ ਸਮੇਂ ਹਾਲਾਤ ਤਣਾਅਪੂਰਨ ਹੋ ਗਏ ਜਦੋਂ ਇੱਕ ਕਲੋਨਾਈਜ਼ਰ ਨੇ ਆਪਣੀ ਕਲੋਨੀ ਦਾ ਸੀਵਰੇਜ ਦਾ ਕੁਨੈਕਸ਼ਨ ਨਾਜਾਇਜ਼ ਤੌਰ ’ਤੇ ਖਰੜ ਨਗਰ ਕੌਂਸਲ ਦੇ ਸੀਵਰੇਜ ਨਾਲ ਪਿੰਡ ਫਤਿਹਉਲਾਪੁਰ ਵਿੱਚ ਜੋੜਨ ਦੀ ਕੋਸ਼ਿਸ ਕੀਤੀ। ਜਿਵੇਂ ਹੀ ਲੋਕਾਂ ਨੂੰ ਇਸ ਦਾ ਪਤਾ ਚੱਲਿਆ ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ। ਉਥੋਂ ਦੇ ਵਸਨੀਕਾਂ ਦਾ ਕਹਿਣਾ ਸੀ ਕਿ ਇਸ ਨਾਲ ਉਨ੍ਹਾਂ ਦੇ ਸੀਵਰੇਜ ਦੀਆਂ ਲਾਈਨ ਬੰਦ ਹੋ ਜਾਣਗੀਆਂ। ਇਨ੍ਹਾਂ ਲੋਕਾਂ ਨੇ ਇੱਕਠੇ ਹੋ ਕੇ ਇਸ ਕੁਨੈਕਸ਼ਨ ਨੂੰ ਰੁਕਵਾ ਦਿੱਤਾ। ਇਸੇ ਦੌਰਾਨ ਉਥੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਪੰਜਾਬ ਦੇ ਉਪ ਪ੍ਰਧਾਨ ਪਰਮਿੰਦਰ ਸਿੰਘ ਗੋਲਡੀ ਤੇ ਪ੍ਰਿੰਸ ਕਾਲੀਆ ਪਹੁੰਚੇ। ਉਨ੍ਹਾਂ ਤੁਰੰਤ ਇਸ ਸਬੰਧੀ ਖਰੜ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸੰਗੀਤ ਆਹਲੂਵਾਲੀਆ ਨਾਲ ਗੱਲਬਾਤ ਕੀਤੀ ਜਿਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਤੇ ਨਾ ਹੀ ਇਸ ਸਬੰਧੀ ਕੋਈ ਮੰਨਜੂਰੀ ਲਈ ਹੈ। ਇਸੇ ਦੌਰਾਨ ਉਥੇ ਮੌਜੂਦ ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਜਸਵਿੰਦਰ ਸਿੰਘ, ਕੁਲਦੀਪ ਸਿੰਘ, ਜਸਬੀਰ ਸਿਘ, ਘੁਗੀ, ਅਵਤਾਰ ਸਿੰਘ ਆਦਿ ਨੇ ਕਿਹਾ ਕਿ ਇਹ ਕਿੰਨੀ ਮਾੜੀ ਗੱਲ ਹੈ ਕਿ 4-5 ਸਾਲਾਂ ਉਪਰੰਤ 15 ਦਿਨ ਪਹਿਲਾਂ ਇੱਥੇ ਸੜਕ ਬਣੀ ਸੀ ਜਿਸ ਨੂੰ ਇਸ ਕਲੋਨਾਈਜ਼ਰ ਨੇ ਜੇਸੀਬੀ ਨਾਲ ਪੁੱਟ ਦਿੱਤਾ। ਆਪ ਆਗੂ ਪਰਮਿੰਦਰ ਗੋਲਡੀ ਨੇ ਕਿਹਾ ਕਿ ਉਹ ਕੱਲ੍ਹ ਨੂੰ ਇਸ ਸਬੰਧੀ ਨਗਰ ਕੌਂਸਲ ਦੇ ਅਧਿਕਕਾਰੀਆਂ ਨੂੰ ਲਿਖਤ ਸ਼ਿਕਾਇਤ ਕਰਨਗੇ ਕਿ ਇੱਕ ਤਾਂ ਇਸ ਕਲੋਨਾਈਜ਼ਰ ਵਿਰੁੱਧ ਕੇਸ ਦਰਜ ਕਰਵਾਇਆ ਜਾਵੇ, ਦੂਜਾ ਜੋ ਉਸ ਨੇ ਨਗਰ ਕੌਂਸਲ ਦੀ ਬਣੀ ਹੋਈ ਸੜਕ ਤੋੜੀ ਹੈ ਉਸ ਦਾ ਹਰਜਾਨਾ ਵਸੂਲਿਆ ਜਾਵੇ।