ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 25 ਸਤੰਬਰ
ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਸੂਬੇ ਭਰ ਵਿੱਚ ਸ਼ੁਰੂ ਕੀਤੀਆਂ 43 ਨਾਗਰਿਕ ਸੇਵਾਵਾਂ ਬਾਰੇ ‘ਡੋਰ ਸਟੈਪ ਡਿਲੀਵਰੀ’ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਦਾ ਜਾਇਜ਼ਾ ਲੈਣ ਲਈ ਅੱਜ ਪ੍ਰਸ਼ਾਸ਼ਨਿਕ ਸੁਧਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੇ ਸ਼ਰਮਾ ਨੇ ਵਿਭਾਗ ਦੇ ਡਾਇਰੈਕਟਰ ਗਿਰੀਸ਼ ਦਿਆਲਨ ਅਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨਾਲ ਮੁਹਾਲੀ ਵਿੱਚ ਸੇਵਾ ਕੇਂਦਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਸੁਵਿਧਾ ਕੇਂਦਰ ਆਏ ਲੋਕਾਂ ਨਾਲ ਗੱਲ ਕਰ ਕੇ ਸੇਵਾਵਾਂ ਬਾਰੇ ਫੀਡਬੈਕ ਲਈ। ਅਧਿਕਾਰੀਆਂ ਨੇ ਡੋਰ ਸਟੈਪ ਡਿਲੀਵਰੀ ਦੀ ਪ੍ਰਗਤੀ ਅਤੇ ਸੇਵਾ ਕੇਂਦਰਾਂ ’ਤੇ ਮਿਲਣ ਵਾਲੀਆਂ ਸੇਵਾਵਾਂ ਅਤੇ ਨਿਪਟਾਰੇ ਦੀ ਦਰ ਦਾ ਜਾਇਜ਼ਾ ਲਿਆ।
ਅਜੇ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਾਸੀਆਂ ਦੀ ਸਹੂਲਤ ਲਈ ਸ਼ੁਰੂ ਕੀਤੀ ਗਈ ਇਸ ਸਕੀਮ ਦਾ ਆਮ ਨਾਗਰਿਕਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।
ਡੀਸੀ ਸ੍ਰੀਮਤੀ ਜੈਨ ਨੇ ਪ੍ਰਮੁੱਖ ਸਕੱਤਰ ਨੂੰ ਡਾਇਲ 1076 (ਡੋਰ ਸਟੈਪ ਡਿਲੀਵਰੀ) ਤਹਿਤ ਮੁਹਾਲੀ ਜ਼ਿਲ੍ਹੇ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਐਸਡੀਐਮ ਦਮਨਦੀਪ ਕੌਰ ਅਤੇ ਮੁੱਖ ਮੰਤਰੀ ਫੀਲਡ ਅਫ਼ਸਰ ਦੀਪਾਂਕਰ ਗਰਗ ਵੀ ਸ਼ਾਮਲ ਸਨ।