ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 25 ਅਪਰੈਲ
ਯੂਟੀ ਦੇ ਨਿੱਜੀ ਸਕੂਲ ਇਸ ਸਾਲ ਵਿਦਿਆਰਥੀਆਂ ਦੇ ਮਾਪਿਆਂ ਤੋਂ ਪੂਰੀ ਫੀਸ ਹੀ ਲੈਣਗੇ ਕਿਉਂਕਿ ਇਸ ਵਾਰ ਯੂਟੀ ਦਾ ਸਿੱਖਿਆ ਵਿਭਾਗ ਤੇ ਪ੍ਰਸ਼ਾਸਨ ਸਿਰਫ ਟਿਊਸ਼ਨ ਫੀਸਾਂ ਲੈਣ ਲਈ ਕੋਈ ਹੁਕਮ ਜਾਰੀ ਨਹੀਂ ਕਰ ਰਿਹਾ ਪਰ ਵਿਭਾਗ ਵੱਲੋਂ ਇਸ ਬਾਰੇ ਕਾਨੂੰਨੀ ਰਾਏ ਲਈ ਜਾ ਰਹੀ ਹੈ। ਦੂਜੇ ਪਾਸੇ ਅਧਿਕਾਰੀ ਵੀ ਕਹਿ ਰਹੇ ਹਨ ਕਿ ਸਿਰਫ ਟਿਊਸ਼ਨ ਫੀਸ ਨਾ ਲੈਣ ਦੇ ਹੁਕਮ ਪਿਛਲੇ ਸਾਲ ਲਈ ਹੀ ਸਨ।
ਜਾਣਕਾਰੀ ਅਨੁਸਾਰ ਸ਼ਹਿਰ ਦੇ ਨਿੱਜੀ ਸਕੂਲਾਂ ਨੇ ਇਸ ਸਾਲ ਵਿਦਿਆਰਥੀਆਂ ਤੋਂ ਪੂਰੀਆਂ ਫੀਸਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਮਾਪਿਆਂ ਦੀਆਂ ਸ਼ਿਕਾਇਤਾਂ ’ਤੇ ਸਿੱਖਿਆ ਵਿਭਾਗ ਕੋਈ ਕਾਰਵਾਈ ਨਹੀਂ ਕਰ ਰਿਹਾ। ਜ਼ਿਆਦਾਤਰ ਸਕੂਲਾਂ ਨੇ ਇਸ ਸਾਲ ਦੀਆਂ ਫੀਸਾਂ ਵੀ ਵਧਾ ਦਿੱਤੀਆਂ ਹਨ ਕਿਉਂਕਿ ਫੀਸ ਐਕਟ ਤਹਿਤ ਚੰਡੀਗੜ੍ਹ ਦੇ ਨਿੱਜੀ ਸਕੂਲ 8 ਫੀਸਦੀ ਤਕ ਫੀਸ ਵਧਾ ਸਕਦੇ ਹਨ। ਸੈਕਟਰ-44 ਦੇ ਸਕੂਲ ਵਿੱਚ ਪੜ੍ਹਦੇ ਇੱਕ ਵਿਦਿਆਰਥੀ ਦੇ ਪਿਤਾ ਨੇ ਦੱਸਿਆ ਕਿ ਸਕੂਲ ਵਾਲੇ ਬੱਚੇ ਦੀ ਪੂਰੀ ਫ਼ੀਸ ਜਮ੍ਹਾਂ ਕਰਵਾਉਣ ਲਈ ਵੀ ਕਹਿ ਰਹੇ ਹਨ ਤੇ ਸਕੂਲ ਵੱਲੋਂ ਪਿਛਲੇ ਸਾਲ ਦੀ ਸਾਲਾਨਾ ਫ਼ੀਸ ਵੀ ਮੰਗੀ ਜਾ ਰਹੀ ਹੈ। ਉਨ੍ਹਾਂ ਸਕੂਲ ਦੀ ਪ੍ਰਿੰਸੀਪਲ ਨਾਲ ਵੀ ਗੱਲਬਾਤ ਕੀਤੀ ਪਰ ਮਾਮਲਾ ਹੱਲ ਨਹੀਂ ਹੋਇਆ। ਸੈਕਟਰ-40 ਦੇ ਇੱਕ ਸਕੂਲ ਵਲੋਂ ਵੀ ਇਸ ਵਾਰ ਪੂਰੇ ਫੰਡ ਲਏ ਜਾ ਰਹੇ ਹਨ।
ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸਕੂਲਾਂ ਨੂੰ ਪਿਛਲੇ ਸਾਲ ਦੇ ਸਾਲਾਨਾ ਫੰਡ ਲੈਣ ਤੋਂ ਮਨ੍ਹਾਂ ਕੀਤਾ ਗਿਆ ਹੈ ਤੇ ਸਕੂਲ ਸਿਰਫ਼ ਟਿਊਸ਼ਨ ਫ਼ੀਸ ਹੀ ਲੈ ਸਕਦੇ ਹਨ ਪਰ ਇਸ ਸਾਲ ਵਿਭਾਗ ਨੇ ਹਾਲੇ ਫੈਸਲਾ ਨਹੀਂ ਕੀਤਾ। ਨਿੱਜੀ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਕਿਹਾ ਕਿ ਸਕੂਲਾਂ ਦੇ ਆਪਣੇ ਖ਼ਰਚੇ ਹਨ ਤੇ ਉਹ ਬੱਚਿਆਂ ਨੂੰ ਲਗਾਤਾਰ ਮਿਆਰੀ ਆਨਲਾਈਨ ਸਿੱਖਿਆ ਦੇ ਰਹੇ ਹਨ, ਇਸ ਕਰਕੇ ਮਾਪਿਆਂ ਨੂੰ ਬਣਦੀਆਂ ਫ਼ੀਸਾਂ ਆਪ ਹੀ ਅਦਾ ਕਰਨੀਆਂ ਚਾਹੀਦੀਆਂ ਹਨ।
ਕਾਨੂੰਨੀ ਸਲਾਹਕਾਰ ਦੀ ਰਾਏ ਤੋਂ ਬਾਅਦ ਜਾਰੀ ਹੋਣਗੇ ਹੁਕਮ
ਇਸ ਵੇਲੇ ਜ਼ਿਆਦਾਤਰ ਨਿੱਜੀ ਸਕੂਲਾਂ ਦੇ ਮਾਪੇ ਇਸ ਗੱਲ ਤੋਂ ਪ੍ਰੇਸ਼ਾਨ ਹਨ ਕਿ ਉਹ ਪੂਰੀਆਂ ਫੀਸਾਂ ਤਾਂ ਦੇਣਗੇ ਪਰ ਅੱਠ ਫੀਸਦੀ ਵਧਾ ਕੇ ਫੀਸ ਦੇਣ ਤੋਂ ਮਾਪੇ ਇਨਕਾਰੀ ਹਨ। ਯੂਟੀ ਦਾ ਸਿੱਖਿਆ ਵਿਭਾਗ ਕਾਨੂੰਨੀ ਰਾਏ ਲੈ ਰਿਹਾ ਹੈ ਕਿ ਇਸ ਵਾਰ ਸਕੂਲ ਮਹਾਮਾਰੀ ਦੇ ਸਮੇਂ ਫੀਸਾਂ ਵਧਾ ਸਕਦੇ ਹਨ ਕਿ ਨਹੀਂ। ਡਾਇਰੈਕਟਰ ਸਕੂਲ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਪ੍ਰਸ਼ਾਸਕ ਨੇ ਸਕੂਲ ਫੰਡ ਨਾ ਲੈਣ ਦੇ ਹੁਕਮ ਪਿਛਲੇ ਸਾਲ ਲਈ ਜਾਰੀ ਕੀਤੇ ਸਨ ਤੇ ਇਸ ਸਬੰਧੀ ਫੈਸਲਾ ਵੀ ਉਹ ਹੀ ਲੈਣਗੇ, ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਦਾ ਵਫਦ ਵੀ ਪਿਛਲੇ ਹਫਤੇ ਸਲਾਹਕਾਰ ਨੂੰ ਮਿਲ ਕੇ ਗਿਆ ਹੈ ਤੇ ਉਨ੍ਹਾਂ ਫੀਸਾਂ ਨਾ ਮਿਲਣ ਤੇ ਕਰੋਨਾ ਮਹਾਮਾਰੀ ਕਾਰਨ ਆਰਥਿਕ ਸੰਕਟ ਨਾ ਮਿਲਣ ’ਤੇ ਸਮੱਸਿਆਵਾਂ ਦੱਸੀਆਂ ਹਨ ਪਰ ਉਹ ਲਗਾਤਾਰ ਆਨਲਾਈਨ ਸਿੱਖਿਆ ਦੇ ਰਹੇ ਹਨ, ਇਸ ਕਰ ਕੇ ਫੀਸਾਂ ਮੁਆਫ ਹੁਣ ਦੇ ਹੁਕਮ ਜਾਰੀ ਨਹੀਂ ਹੋਣਗੇ।