ਕੁਲਦੀਪ ਸਿੰਘ
ਚੰਡੀਗੜ੍ਹ, 12 ਅਕਤੂਬਰ
ਯੂ.ਟੀ. ਦੇ ਪ੍ਰਸ਼ਾਸਕ ਦੇ ਸਲਾਹਕਾਰ ਧਰਮ ਪਾਲ ਆਈ.ਏ.ਐੱਸ. ਵੱਲੋਂ ਅੱਜ ਪ੍ਰਸ਼ਾਸਨ ਅਤੇ ’ਵਰਸਿਟੀ ਦੇ ਉੱਚ ਅਧਿਕਾਰੀਆਂ ਦੀ ਟੀਮ ਨਾਲ ਪੰਜਾਬ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ। ਪੀ.ਯੂ. ਕੈਂਪਸ ਪਹੁੰਚੇ ਸਲਾਹਕਾਰ ਦਾ ਵਾਈਸ ਚਾਂਸਲਰ ਪ੍ਰੋ. ਰਾਜ ਕੁਮਾਰ ਸਮੇਤ ਅਧਿਕਾਰੀਆਂ ਦੀ ਟੀਮ ਵੱਲੋਂ ਸਵਾਗਤ ਕੀਤਾ ਗਿਆ। ਇਸ ਉਪਰੰਤ ਸਲਾਹਕਾਰ ਨੇ ਸੈਂਟਰਲ ਇੰਸਟਰੂਮੈਂਟੇਸ਼ਨ ਲੈਬਾਰਟਰੀ, ਗਾਂਧੀ ਭਵਨ, ਵਿਦਿਆਰਥੀ ਕੇਂਦਰ ਸਮੇਤ ’ਵਰਸਿਟੀ ਦੇ ਸੈਕਟਰ 25 ਸਥਿਤ ਡਾ. ਹਰਵੰਸ਼ ਸਿੰਘ ਜੱਜ ਇੰਸਟੀਚਿਊਟ ਆਫ਼ ਡੈਂਟਲ ਸਾਇੰਸਿਜ਼ ਐਂਡ ਹਸਪਤਾਲ ਤੇ ਹਿਊਮੈਨ ਰਿਸੋਰਸ ਡਿਵੈਲਪਮੈਂਟ ਸੈਂਟਰ ਦਾ ਵੀ ਦੌਰਾ ਕੀਤਾ। ਉਨ੍ਹਾਂ ਦੇ ਨਾਲ ਡੀ.ਜੀ.ਪੀ. ਚੰਡੀਗੜ੍ਹ ਪਰਵੀਰ ਰੰਜਨ, ਸਿੱਖਿਆ ਸਕੱਤਰ ਸਰਪ੍ਰੀਤ ਸਿੰਘ ਗਿੱਲ, ਐਸ.ਐਸ.ਪੀ. ਚੰਡੀਗੜ੍ਹ ਕੁਲਦੀਪ ਸਿੰਘ ਚਹਿਲ ਵੀ ਮੌਜੂਦ ਸਨ। ਯੂ.ਟੀ. ਦੇ ਸਲਾਹਕਾਰ ਧਰਮਪਾਲ ਆਪਣੇ ਯੂਨੀਵਰਸਿਟੀ ਦੌਰੇ ਦੌਰਾਨ ਜਦੋਂ ਵਿਦਿਆਰਥੀ ਕੇਂਦਰ ਵਿੱਚੋਂ ਬਾਹਰ ਨਿਕਲੇ ਤਾਂ ਉਥੇ ਪਹਿਲਾਂ ਤੋਂ ਹੀ ਬੈਠੇ ਹੋਏ 7-8 ਵਿਦਿਆਰਥੀਆਂ ਨੇ ਆਪਣੇ ਰੋਸ ਪ੍ਰਗਟਾਵੇ ਸਬੰਧੀ ਹੱਥਾਂ ਵਿੱਚ ਪੋਸਟਰ ਦਿਖਾ ਕੇ ਉਨ੍ਹਾਂ ਧਿਆਨ ਆਪਣੇ ਵੱਲ ਖਿੱਚਿਆ। ਸਲਾਹਕਾਰ ਇਨ੍ਹਾਂ ਵਿਦਿਆਰਥੀਆਂ ਕੋਲ ਆ ਕੇ ਰੁਕੇ। ਵਾਈਸ ਚਾਂਸਲਰ ਪ੍ਰੋ. ਰਾਜ ਕੁਮਾਰ ਸਮੇਤ ਪੀ.ਯੂ. ਦੇ ਅਧਿਕਾਰੀਆਂ ਦੀ ਪੂਰੀ ਟੀਮ ਵੀ ਉਨ੍ਹਾਂ ਦੇ ਨਾਲ ਸੀ। ਇਹ ਵਿਦਿਆਰਥੀ ਕਿਸੇ ਵੀ ਵਿਦਿਆਰਥੀ ਜਥੇਬੰਦੀ ਨਾਲ ਸਬੰਧਤ ਨਹੀਂ ਸਨ। ਰੋਸ ਪ੍ਰਗਟਾਵਾ ਕਰਨ ਵਾਲੇ ਵਿਦਿਆਰਥੀਆਂ ਵਿੱਚ ਐੱਮ.ਐੱਡ. ਵਿਭਾਗ ਤੋਂ ਯਾਸ਼ਵੀ, ਭਾਵਯਾ, ਸਾਹਿਲ, ਕਮਲਪ੍ਰੀਤ, ਵਿਸ਼ਵ, ਅਰੂਸ਼ੀ, ਐੱਮ.ਏ. ਸੋਸ਼ਿਆਲੋਜੀ ਤੋਂ ਤੇਜਿੰਦਰ ਸੈਣੀ ਅਤੇ ਜਰਮਨ ਭਾਸ਼ਾ ਵਿਭਾਗ ਤੋਂ ਅਕਾਸ਼ ਨੇ ਸਲਾਹਕਾਰ ਨੂੰ ਦੱਸਿਆ ਕਿ ਹਾਲੇ ਤੱਕ ਉਨ੍ਹਾਂ ਦੀਆਂ ਆਫ਼ਲਾਈਨ ਕਲਾਸਾਂ ਸ਼ੁਰੂ ਨਹੀਂ ਹੋ ਸਕੀਆਂ। ਆਨਲਾਈਨ ਪੜ੍ਹਾਈ ਵਿੱਚ ਕਿਧਰੇ ਕਮਜ਼ੋਰ ਸਿਗਨਲ ਹੋਣ ਕਰਕੇ ਅਤੇ ਕਿਧਰੇ ਕੋਈ ਹੋਰ ਸਮੱਸਿਆਵਾਂ ਕਰਕੇ ਪੜ੍ਹਾਈ ਸੰਭਵ ਨਹੀਂ ਹੈ। ਆਨਲਾਈਨ ਪੜ੍ਹਾਈ ਕਰਵਾਉਣ ਉਪਰੰਤ ਹੁਣ ਯੂਨੀਵਰਸਿਟੀ ਮੈਨੇਜਮੈਂਟ ਉਨ੍ਹਾਂ ਦੀਆਂ ਪ੍ਰੀਖਿਆਵਾਂ ਆਫ਼ਲਾਈਨ ਲੈਣ ਦੀ ਤਿਆਰੀ ਕਰੀ ਬੈਠੀ ਹੈ ਜਿਸ ਨਾਲ ਵਿਦਿਆਰਥੀਆਂ ਦਾ ਕਾਫ਼ੀ ਜ਼ਿਆਦਾ ਨੁਕਸਾਨ ਹੋ ਜਾਵੇਗਾ।
ਉਨ੍ਹਾਂ ਮੰਗ ਕੀਤੀ ਕਿ ਜੇਕਰ ਆਫ਼ਲਾਈਨ ਪ੍ਰੀਖਿਅਵਾਂ ਲੈਣੀਆਂ ਹਨ ਤਾਂ ਪੜ੍ਹਾਈ ਵੀ ਆਫ਼ਲਾਈਨ ਹੀ ਕਰਵਾਈ ਜਾਣੀ ਚਾਹੀਦੀ ਹੈ। ਸਲਾਹਕਾਰ ਧਰਮਪਾਲ ਆਈ.ਏ.ਐਸ. ਨੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਗਹੁ ਨਾਲ ਸੁਣਿਆ ਅਤੇ ਕਿਹਾ ਕਿ ਕਰੋਨਾ ਮਹਾਂਮਾਰੀ ਕਰਕੇ ਅਜਿਹੀ ਨੌਬਤ ਆਈ ਹੈ ਅਤੇ ਪ੍ਰਸ਼ਾਸਨ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਬੜੀ ਤੇਜ਼ੀ ਨਾਲ ਕੰਮ ਕਰ ਰਿਹਾ ਹੈ।