ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 10 ਜੂਨ
ਯੂਟੀ ਦੇ ਸਰਕਾਰੀ ਸਕੂਲਾਂ ਵਿਚ ਗਿਆਰ੍ਹਵੀਂ ਜਮਾਤ ਵਿਚ ਦਾਖਲਾ ਪ੍ਰਕਿਰਿਆ ਦਾ ਅਮਲ ਅੱਜ ਸਮਾਪਤ ਹੋ ਗਿਆ। ਇਸ ਵਾਰ ਲਗਪਗ ਦੋ ਹਜ਼ਾਰ ਵਿਦਿਆਰਥੀਆਂ ਨੂੰ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚ ਦਾਖਲਾ ਨਹੀਂ ਮਿਲੇਗਾ ਜਿਨ੍ਹਾਂ ਵਿਚ ਹੋਰ ਰਾਜਾਂ ਦੇ ਵਿਦਿਆਰਥੀ ਸ਼ਾਮਲ ਹਨ ਪਰ ਇਸ ਵਾਰ ਚੰਡੀਗੜ੍ਹ ਦੇ ਸਾਰੇ ਵਿਦਿਆਰਥੀਆਂ ਨੂੰ ਦਾਖਲਾ ਮਿਲ ਜਾਵੇਗਾ। ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚੋਂ ਦਸਵੀਂ ਜਮਾਤ ਪਾਸ ਕਰਨ ਵਾਲੇ 9963 ਵਿਦਿਆਰਥੀਆਂ ਨੇ ਯੂਟੀ ਦੇ ਸਰਕਾਰੀ ਸਕੂਲਾਂ ਵਿਚ ਗਿਆਰ੍ਹਵੀਂ ਜਮਾਤ ਵਿਚ ਦਾਖਲੇ ਲਈ ਅਪਲਾਈ ਕੀਤਾ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਨਿੱਜੀ ਸਕੂਲਾਂ ਤੇ ਹੋਰ ਰਾਜਾਂ ਦੇ ਮਿਲਾ ਕੇ 6045 ਵਿਦਿਆਰਥੀਆਂ ਦੇ ਫਾਰਮ ਆਏ ਹਨ। ਹੋਰ ਸੂਬਿਆਂ ਦੇ 231 ਵਿਦਿਆਰਥੀਆਂ ਦੇ ਫਾਰਮ ਅਧੂਰੇ ਹਨ ਜਦਕਿ ਚੰਡੀਗੜ੍ਹ ਦੇ 79 ਵਿਦਿਆਰਥੀਆਂ ਦੇ ਫਾਰਮ ਅਧੂਰੇ ਪਾਏ ਗਏ ਹਨ। ਸਿੱਖਿਆ ਵਿਭਾਗ ਨੇ ਪਹਿਲਾਂ ਇਸ ਜਮਾਤ ਵਿਚ ਦਾਖਲੇ ਲਈ ਆਖਰੀ ਮਿਤੀ 7 ਜੂਨ ਨਿਰਧਾਰਿਤ ਕੀਤੀ ਸੀ ਪਰ ਕਈ ਵਿਦਿਆਰਥੀ ਦਾਖਲਾ ਪ੍ਰਕਿਰਿਆ ਲਈ ਅਪਲਾਈ ਕਰਨ ਤੋਂ ਵਾਂਝੇ ਰਹਿ ਗਏ ਸਨ ਜਿਸ ਕਾਰਨ ਯੂਟੀ ਦੇ ਸਿੱਖਿਆ ਵਿਭਾਗ ਨੇ ਆਖਰੀ ਮਿਤੀ 10 ਜੂਨ ਕਰ ਦਿੱਤੀ ਤੇ ਅੱਜ ਤਕ ਸੋਲਾਂ ਹਜ਼ਾਰ ਤੋਂ ਵੱਧ ਫਾਰਮ ਆ ਚੁੱਕੇ ਹਨ।
ਡਾਇਰੈਕਟਰ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਗਿਆਰ੍ਹਵੀਂ ਜਮਾਤ ਵਿਚ ਦਾਖਲੇ ਲਈ ਅਪਲਾਈ ਕਰਨ ਲਈ ਅੱਜ ਆਖਰੀ ਦਿਨ ਸੀ ਤੇ ਹੁਣ ਤਕ 17133 ਵਿਦਿਆਰਥੀਆਂ ਨੇ ਰਜਿਸਟਰੇਸ਼ਨ ਕਰਵਾਈ ਹੈ ਜਿਸ ਵਿਚੋਂ 16008 ਦੇ ਫਾਰਮ ਜਮ੍ਹਾਂ ਹੋ ਚੁੱਕੇ ਹਨ। ਇਨ੍ਹਾਂ ਵਿਚ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ 9967 ਵਿਦਿਆਰਥੀ, ਚੰਡੀਗੜ੍ਹ ਦੇ ਨਿੱਜੀ ਸਕੂਲਾਂ ਦੇ 2369, ਚੰਡੀਗੜ੍ਹ ਓਪਨ ਸਕੂਲਾਂ ਦੇ 64 ਵਿਦਿਆਰਥੀ ਸ਼ਾਮਲ ਹਨ। ਹਰਿਆਣਾ ਦੇ ਸਰਕਾਰੀ ਸਕੂਲਾਂ ਦੇ 173, ਹਰਿਆਣਾ ਦੇ ਨਿੱਜੀ ਸਕੂਲਾਂ ਦੇ 1234 ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ। ਇਸ ਵਿਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ 285, ਨਿੱਜੀ ਸਕੂਲਾਂ ਦੇ 1556 ਅਤੇ ਓਪਨ ਸਕੂਲ ’ਚੋਂ 17 ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ। ਉਨ੍ਹਾਂ਼ ਦੱਸਿਆ ਕਿ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਸਾਰੇ ਵਿਦਿਆਰਥੀਆਂ ਨੂੰ ਦਾਖਲਾ ਮਿਲੇਗਾ ਤੇ ਬਾਕੀ ਰਾਜਾਂ ਦੇ ਰਹਿੰਦੇ ਵਿਦਿਆਰਥੀਆਂ ਦੀ ਗਿਣਤੀ ਤੇ ਸੀਟਾਂ ਅਨੁਸਾਰ ਮੁੜ ਸਮੀਖਿਆ ਕੀਤੀ ਜਾਵੇਗੀ।
42 ਸੀਨੀਅਰ ਸੈਕੰਡਰੀ ਸਕੂਲਾਂ ਵਿਚ ਹੋਵੇਗਾ ਦਾਖ਼ਲਾ
ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ’ਚ 11ਵੀਂ ਦੀਆਂ 13875 ਸੀਟਾਂ ਹਨ ਜਿਨ੍ਹਾਂ ਵਿਚ ਵਿਗਿਆਨ ਦੀਆਂ 3080, ਕਾਮਰਸ ਦੀਆਂ 1980, ਹਿਊਮੈਨੀਟੀਜ਼ ਦੀਆਂ 7060 ਤੇ ਵੋਕੇਸ਼ਨਲ ਦੀਆਂ 1755 ਸੀਟਾਂ ਸ਼ਾਮਲ ਹਨ। ਦਾਖ਼ਲਾ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਪਹਿਲੀ ਜੁਲਾਈ ਤੋਂ ਜਮਾਤਾਂ ਸ਼ੁਰੂ ਹੋਣਗੀਆਂ। ਜਾਣਕਾਰੀ ਅਨੁਸਾਰ 13,875 ਸੀਟਾਂ ’ਚੋਂ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚੋਂ ਦਸਵੀਂ ਜਮਾਤ ਪਾਸ ਕਰਨ ਵਾਲਿਆਂ ਦੀਆਂ 85 ਫੀਸਦੀ ਸੀਟਾਂ ਰਾਖਵੀਆਂ ਹਨ।