ਸਰਬਜੀਤ ਸਿੰਘ ਭੱਟੀ
ਲਾਲੜੂ, 24 ਫਰਵਰੀ
ਸੱਤਾ ਵਿੱਚ ਆਉਣ ਵਾਲੀ ਹਰ ਸਿਆਸੀ ਪਾਰਟੀ ਨੇ ਲਾਲੜੂ ਸ਼ਹਿਰ ‘ਗੇਟਵੇਅ ਆਫ ਪੰਜਾਬ’ ਬਣਾਉਣ ਦੇ ਹਰ ਵਾਰ ਵੱਡੇ-ਵੱਡੇ ਵਾਅਦੇ ਕੀਤੇ, ਪਰ ਅੱਜ ਤੱਕ ਕੋਈ ਵੀ ਵਾਅਦਾ ਵਫ਼ਾ ਨਹੀ ਹੋਇਆ। ਇਸ ਦੇ ਨਾਲ ਹੀ ਪਿੰਡਾਂ ਨੁੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਦੇ ਲੋਕਾਂ ਨੂੰ ਸੁਪਨੇ ਵਿਖਾਏ ਵੀ ਟੁੱਟ ਚੁੱਕੇ ਹਨ ਜਿੱਥੇ ਨਗਰ ਕੌਂਸਲ ਲਾਲੜੂ ਦੀ ਹੱਦ ਵਿੱਚ ਆਉਂਦੇ ਇੱਕ ਦਰਜਨ ਪਿੰਡ ਅੱਜ ਵੀ ਬੁਨਿਆਦੀ ਸਹੂਲਤਾਂ ਨੁੂੰ ਤਰਸ ਰਹੇ ਹਨ।
ਵਾਰਡ ਨੰਬਰ 8 ਵਿੱਚ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ਦੇ ਕਿਨਾਰੇ ਗੰਦਗੀ ਦੇ ਲੱਗੇ ਵੱਡੇ ਢੇਰ ਵਿਕਾਸ ਦੀ ਗਵਾਹੀ ਦੇ ਰਹੇ ਹਨ। ਸਥਾਨਕ ਲੋਕਾਂ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਉਹ ਬੁਨਿਆਦੀ ਸਹੁਲਤਾ ਨੂੰ ਤਰਸ ਰਹੇ ਹਨ, ਵਿਕਾਸ ਦੇ ਨਾਂ ਤੇ ਕਰੋੜਾਂ ਰੁਪਏ ਖਰਚ ਕਰਨ ਦੇ ਵੱਡੇ-ਵੱਡੇ ਦਾਅਵੇ ਜ਼ਰੂਰ ਹੁੰਦੇ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ। ਲਾਵਾਰਿਸ ਪਸ਼ੂ ਝੁੰਡ ਬਣਾ ਕੇ ਘੁੰਮ ਰਹੇ ਹਨ, ਨਾਲੀਆਂ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗੰਦਾ ਪਾਣੀ ਗਲੀਆਂ ’ਚ ਜਮ੍ਹਾਂ ਰਹਿੰਦਾ ਹੈ। ਲੋਕਾਂ ਮੁਤਾਬਕ ਸ਼ਹਿਰ ਵਿੱਚ ਕੋਈ ਬੱਸ ਅੱਡਾ ਨਹੀਂ ਹੈ, ਸੀਵਰੇਜ ਸਿਸਟਮ ਠੱਪ ਹੈ ਅਤੇ ਥੋੜ੍ਹੀ ਜਿਹੀ ਬਰਸਾਤ ਕਾਰਨ ਹੀ ਸ਼ਹਿਰ ਪਾਣੀ ਵਿੱਚ ਡੁੱਬ ਜਾਂਦਾ ਹੈ। ਇਸ ਤੋਂ ਇਲਾਵਾ ਬਿਜਲੀ ਸਪਲਾਈ, ਪਾਰਕਿੰਗ, ਟਰੈਫਿਕ, ਨਾਜਾਇਜ਼ ਕਬਜ਼ਿਆਂ ਸਮੇਤ ਹੋਰ ਅਨੇਕਾਂ ਸਮੱਸਿਆਵਾਂ ਨਾਲ ਲੋਕਾਂ ਨੂੰ ਜੂਝਣਾ ਪੈ ਰਿਹਾ ਹੈ। ਲੋਕਾਂ ਦੀ ਸੱਤਾ ਵਿੱਚ ਬੈਠੇ ਆਗੂਆਂ ਤੋਂ ਬੁਨਿਆਦੀ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਮੰਗ ਕੀਤੀ ਹੈ।
ਦੁੂਜੇ ਪਾਸੇ ਕੌਂਸਲ ਦੇ ਕਾਰਜਸਾਧਕ ਅਫਸਰ ਜਗਜੀਤ ਸਿੰਘ ਨੇ ਕਿਹਾ ਕਿ ਛੇਤੀ ਹੀ ਸਫ਼ਾਈ ਦੇ ਪ੍ਰਬੰਧ ਕਰਵਾ ਕੇ ਗੰਦਗੀ ਦੇ ਢੇਰ ਚੁੱਕਾ ਦਿੱਤੇ ਜਾਣਗੇੇ।