ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 27 ਨਵੰਬਰ
ਇੱਥੋਂ ਦੇ ਸੈਕਟਰ-82 ਦੀ ਮਾਰਕੀਟ ਵਿੱਚ ਮਸਾਜ ਪਾਰਲਰ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੋਹਾਣਾ ਪੁਲੀਸ ਨੇ ਸੱਤ ਲੜਕੀਆਂ ਅਤੇ ਦੋ ਪੁਰਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੋਹਾਣਾ ਥਾਣਾ ਦੇ ਐੱਸਐੱਚਓ ਇੰਸਪੈਕਟਰ ਦਲਜੀਤ ਸਿੰਘ ਗਿੱਲ ਅਤੇ ਜਾਂਚ ਅਧਿਕਾਰੀ ਸਬ-ਇੰਸਪੈਕਟਰ ਬਰਮਾ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੈਕਟਰ-82 ਦੀ ਮਾਰਕੀਟ ਵਿੱਚ ਮਸਾਜ ਪਾਰਲਰ ਦੀ ਆੜ ਵਿੱਚ ਕੁੱਝ ਔਰਤਾਂ ਅਤੇ ਪੁਰਸ਼ਾਂ ਵੱਲੋਂ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ। ਸੂਚਨਾ ਮਿਲਦੇ ਹੀ ਉਨ੍ਹਾਂ ਸਮੇਤ ਸਬ-ਇੰਸਪੈਕਟਰ ਕੁਲਜੀਤ ਕੌਰ ਨੇ ਮਸਾਜ ਪਾਰਲਰ ’ਤੇ ਛਾਪਾ ਮਾਰ ਕੇ ਸੱਤ ਲੜਕੀਆਂ ਅਤੇ ਦੋ ਪੁਰਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਭੇਜਣ ਦੇ ਹੁਕਮ ਦਿੱਤੇ ਗਏ। ਇਸ ਤੋਂ ਪਹਿਲਾਂ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਅਤੇ ਕਰੋਨਾ ਟੈਸਟ ਕਰਵਾਇਆ ਗਿਆ। ਰਿਪੋਰਟ ਨਾ ਮਿਲਣ ਕਾਰਨ ਮੁਲਜ਼ਮਾਂ ਨੂੰ ਅੱਜ ਸੋਹਾਣਾ ਥਾਣੇ ਵਿੱਚ ਰੱਖਿਆ ਗਿਆ ਅਤੇ ਭਲਕੇ ਰਿਪੋਰਟ ਨੈਗੇਟਿਵ ਆਉਣ ’ਤੇ ਜੇਲ੍ਹ ਭੇਜਿਆ ਜਾਵੇਗਾ।
ਭਗੌੜਾ ਮੁਲਜ਼ਮ ਗ੍ਰਿਫ਼ਤਾਰ
ਲਾਲੜੂ (ਪੱਤਰ ਪ੍ਰੇਰਕ): ਸਟੈਟ ਬੈਂਕ ਆਫ ਇੰਡੀਆ ਦਾ ਕਰੀਬ 11 ਲੱਖ ਰੁਪਏ ਕਰਜ਼ਾ ਨਾ ਮੋੜਨ ਸਬੰਧੀ ਅਦਾਲਤੀ ਕੇਸ ਦਾ ਸਾਹਮਣਾ ਕਰਨ ਵਾਲੇ ਭਗੋੜੇ ਮੁਲਜ਼ਮ ਨੂੰ ਪੁਲੀਸ ਨੇ ਗ੍ਰਿਫਤਾਰ ਕੀਤਾ ਹੈ ਤੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਅਕਾਸ਼ਦੀਪ ਵਾਸੀ ਝਰਮੜੀ ਨੇ ਬੈਂਕ ਤੋਂ ਕਰੀਬ 11 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਜਿਸ ਦੇ ਬਦਲੇ ਉਸ ਨੇ ਬੈਂਕ ਨੂੰ ਬਤੌਰ ਸਿਕਓਰਿਟੀ ਚੈੱਕ ਹਸਤਾਖਰ ਕਰਕੇ ਦਿੱਤੇ ਸਨ। ਕੁੱਝ ਕਿਸ਼ਤਾਂ ਭਰਨ ਤੋਂ ਬਾਅਦ ਉਸ ਨੇ ਬੈਂਕ ਦਾ ਕਰਜ਼ਾ ਭਰਨਾ ਬੰਦ ਕਰ ਦਿੱਤਾ। ਬੈਂਕ ਨੇ ਇਸ ਵਿਅਕਤੀ ਦੇ ਚੈੱਕ ਖਾਤੇ ਵਿੱਚ ਲਾਏ ਤਾਂ ਪੈਸੇ ਨਾ ਹੋਣ ਕਾਰਨ ਚੈੱਕ ਬਾਊਂਸ ਹੋ ਗਏ। ਇਸ ਉਪਰੰਤ ਬੈਂਕ ਨੇ ਅਦਾਲਤ ਵਿੱਚ ਕੇਸ ਪਾ ਦਿੱਤਾ ਅਤੇ ਅਕਾਸ਼ਦੀਪ ਅਦਾਲਤ ਵਿੱਚ ਹਾਜ਼ਰ ਨਹੀਂ ਹੋਇਆ ਜਿਸ ਕਾਰਨ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ। ਪੁਲੀਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਧਾਰਾ 174-ਏ ਤਹਿਤ ਮਾਮਲਾ ਦਰਜ ਕੀਤਾ ਹੈ। ਉਸ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।