ਪੱਤਰ ਪ੍ਰੇਰਕ
ਚੰਡੀਗੜ੍ਹ, 25 ਜੂਨ
ਵਿਦਿਆਰਥੀ ਜਥੇਬੰਦੀ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐੱਸਐੱਫਆਈ) ਨੇ ਚੰਡੀਗੜ੍ਹ ਦੇ ਕਾਲਜਾਂ ਵਿੱਚ ਨਵੇਂ ਅਧਿਆਪਕਾਂ ਦੀ ਨਿਯੁਕਤੀ ਨਾ ਕਰਨ, ਐਮਏ ਦੇ ਕੁਝ ਪੁਰਾਣੇ ਚੱਲਦੇ ਕੋਰਸਾਂ ਨੂੰ ਬੰਦ ਕਰਨ ਅਤੇ ਫੰਡ ਘਟਾਉਣ ਦਾ ਵਿਰੋਧ ਕੀਤਾ ਹੈ। ਇਸੇ ਦੇ ਮੱਦੇਨਜ਼ਰ ਜਥੇਬੰਦੀ ਵੱਲੋਂ ਡਾਇਰੈਕਟਰ ਉੱਚ ਸਿੱਖਿਆ, ਚੰਡੀਗੜ੍ਹ ਨੂੰ ਮੰਗ ਪੱਤਰ ਭੇਜਿਆ ਗਿਆ ਹੈ।
ਜਥੇਬੰਦੀ ਦੇ ਪੀਯੂ ਕੈਂਪਸ ਪ੍ਰਧਾਨ ਅਭਿਲਾਸ਼ ਰਾਜਖੋਵਾ, ਜਨਰਲ ਸਕੱਤਰ ਮਨਿੰਦਰ ਪਾਲ ਸਿੰਘ ਨੇ ਕਿਹਾ ਕਿ ਕਰੋਨਾ ਦੇ ਦੌਰ ਵਿੱਚ ਜਦੋਂ ਲੋਕਾਂ ਨੂੰ ਵਧੇਰੇ ਸਿੱਖਿਅਤ ਕਰਨ ਦੀ ਲੋੜ ਹੈ, ਉਸ ਸਮੇਂ ਪ੍ਰਸ਼ਾਸ਼ਨ ਵੱਲੋਂ ਚੱਲਦੇ ਪੁਰਾਣੇ ਕੋਰਸਾਂ ਨੂੰ ਬੰਦ ਕਰਨਾ ਨਿੰਦਣਯੋਗ ਹੈ। ਇਨ੍ਹਾਂ ਕੋਰਸਾਂ ਨੂੰ ਬੰਦ ਕਰਨ ਲਈ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਦੀ ਕਮੀ ਵਰਗੇ ਦਿੱਤੇ ਜਾ ਰਹੇ ਤਰਕ ਬੇਤੁਕੇ ਹਨ।
ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਕਮੀ ਪੂਰੀ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਵਿੱਚ ਰਿਸਰਚ ਸਕਾਲਰ ਅਤੇ ਅਧਿਆਪਕਾਂ ਦੀ ਪੂਰੀ ਯੋਗਤਾ ਵਾਲੇ ਸੈਂਕੜੇ ਵਿਅਕਤੀ ਬੇਰੁਜ਼ਗਾਰ ਹਨ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਚੰਡੀਗੜ੍ਹ ਦੇ ਕਾਲਜਾਂ ਵਿੱਚ ਕਈ ਸਾਲਾਂ ਤੋਂ ਖਾਲੀ ਪਈਆਂ ਅਧਿਆਪਕਾਂ ਦੀਆਂ ਅਸਾਮੀਆਂ ਅਜਿਹੇ ਵਿਅਕਤੀਆਂ ਵਿੱਚੋਂ ਭਰੀਆਂ ਜਾਣ।