ਹਰਜੀਤ ਸਿੰਘ
ਡੇਰਾਬੱਸੀ, 3 ਨਵੰਬਰ
ਸਥਾਨਕ ਤਹਿਸੀਲ ਕੰਪਲੈਕਸ ਵਿੱਚ ਬੰਦ ਪਏ ਚੈਂਬਰਾਂ ਨੂੰ ਐੱਸਡੀਐੱਮ ਵੱਲੋਂ ਤਾਲਾ ਲਾਉਣ ਦਾ ਵਕੀਲਾਂ ਨੇ ਵਿਰੋਧ ਕੀਤਾ ਹੈ। ਇਸ ਨੂੰ ਲੈ ਕੇ ਅੱਜ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਿੰਦਰ ਸਿੰਘ ਨਨਵਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਕੀਲਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਐੱਸਡੀਐੱਮ ਹਿਮਾਂਸ਼ੂ ਗੁਪਤਾ ’ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਾਇਆ।
ਮੁਜ਼ਹਰਾਕਾਰੀ ਵਕੀਲਾਂ ਅਤੇ ਪ੍ਰਧਾਨ ਨਨਵਾ ਨੇ ਦੱਸਿਆ ਕਿ ਇਥੇ ਲਗਪਗ 16 ਚੈਂਬਰ ਉਨ੍ਹਾਂ ਵਕੀਲਾਂ ਦੇ ਬੰਦ ਪਏ ਸਨ ਜੋ ਹੋਰ ਪਾਸੇ ਵੀ ਪ੍ਰੈਕਟਿਸ ਕਰਦੇ ਹਨ ਪਰ ਇਥੋਂ ਦੀ ਬਾਰ ਐਸੋਸੀਏਸ਼ਨ ਦੇ ਮੈਂਬਰ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਬਿਨਾਂ ਕਿਸੇ ਨਾਲ ਗੱਲਬਾਤ ਕੀਤੇ ਇਨ੍ਹਾਂ ਚੈਂਬਰਾਂ ਨੂੰ ਤਾਲੇ ਲਾ ਦਿੱਤੇ ਹਨ ਜੋ ਕਿ ਵਕੀਲਾਂ ਦੇ ਕੰਮਕਾਜ ਵਿੱਚ ਦਖ਼ਲਅੰਦਾਜੀ ਹੈ। ਉਨ੍ਹਾਂ ਨੇ ਅੱਜ ਐਸ.ਡੀ.ਐਮ. ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਬੰਦ ਕੀਤੇ ਚੈਂਬਰ ਨਾ ਖੋਲ੍ਹੇ ਗਏ ਉਹ ਸੰਘਰਸ਼ ਹੋਰ ਤੇਜ਼ ਕਰਨਗੇ।
ਦੂਜੇ ਪਾਸੇ ਵਕੀਲਾਂ ਦੇ ਇਕ ਧੜੇ ਨੇ ਇਸ ਕਾਰਵਾਈ ’ਤੇ ਖ਼ੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ ਕੁਝ ਵਕੀਲਾਂ ਵੱਲੋਂ ਧੱਕੇ ਨਾਲ ਇਥੇ ਚੈਂਬਰ ਬਣਾਏ ਹੋਏ ਹਨ ਜਿਨ੍ਹਾਂ ਦੀ ਉਹ ਵਰਤੋਂ ਨਹੀਂ ਕਰਦੇ ਸਗੋਂ ਵੇਚਣ ਲਈ ਇਥੇ ਚੈਂਬਰ ਅਲਾਟ ਕਰਵਾਏ ਹੋਏ। ਵਕੀਲਾਂ ਦੇ ਇਸੇ ਧੜੇ ਵੱਲੋਂ ਐਸ.ਡੀ.ਐਮ. ਤੋਂ ਮੰਗ ਕੀਤੀ ਗਈ ਸੀ ਕਿ ਉਹ ਸਾਲਾਂ ਤੋਂ ਬੰਦ ਪਏ ਚੈਂਬਰਾਂ ਨੂੰ ਕਬਜ਼ੇ ਵਿੱਚ ਲੈ ਕੇ ਲੋੜਵੰਦ ਵਕੀਲਾਂ ਨੂੰ ਅਲਾਟ ਕਰਨੇ ਚਾਹੀਦੇ ਹਨ।
ਇਸ ਸਬੰਧੀ ਐੱਸਡੀਐੱਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਉਹ ਉੱਪ ਰਾਸ਼ਟਰਪਤੀ ਦੇ ਛੱਤਬੀੜ ਚਿੜੀਆਘਰ ਦੇ ਦੌਰੇ ਨੂੰ ਲੈ ਕੇ ਰੁਝੇ ਹੋਏ ਹਨ, ਜਿਸ ਕਾਰਨ ਉਨ੍ਹਾਂ ਨੇ ਇਸ ਸਬੰਧੀ ਗੱਲ ਨਹੀਂ ਕੀਤੀ।