ਪੰਚਕੂਲਾ: ਹਰਿਆਣਾ ਰੋਡਵੇਜ਼ ਮੁਲਾਜ਼ਮ ਸਾਂਝਾ ਮੋਰਚਾ ਦੇ ਸੱਦੇ ’ਤੇ ਪ੍ਰਾਈਵੇਟ ਪਰਮਿਟ ਨੀਤੀ ਵਿਰੁੱਧ ਡਿੱਪੂ ਪੰਚਕੂਲਾ ਦੇ ਵਰਕਸ਼ਾਪ ਦੇ ਗੇਟ ’ਤੇ ਸੈਂਕੜੇ ਮੁਲਾਜ਼ਮਾਂ ਨੇ ਗੇਟ ਮੀਟਿੰਗ ਕਰਕੇ ਵਰਕਸ਼ਾਪ ਮੈਨੇਜਰ ਨੂੰ ਮੰਗ ਪੱਤਰ ਸੌਂਪਿਆ ਅਤੇ ਭਾਰੀ ਗੁੱਸਾ ਜ਼ਾਹਰ ਕੀਤਾ। ਪ੍ਰਦਰਸ਼ਨ ਦੀ ਪ੍ਰਧਾਨਗੀ ਪਾਣੀਪਤ ਡਿੱਪੂ ਸਾਂਝਾ ਮੋਰਚਾ ਦੇ ਸਮੂਹ ਪ੍ਰਧਾਨ ਮਨੋਜ ਕੁਮਾਰ, ਸੋਮਵੀਰ ਡਾਗਰ, ਸ਼ੌਕਤ ਅਲੀ ਨੇ ਕੀਤੀ। ਸੂਬਾ ਆਗੂ ਰਤਨ ਜਾਂਗੜਾ ਨੇ ਕਿਹਾ ਕਿ ਹਰਿਆਣਾ ਸਰਕਾਰ ਸਟੇਜ ਕੈਰੇਜ ਨੀਤੀ 2017 ਵਿੱਚ ਸੋਧ ਕਰਕੇ 952 ਰੂਟਾਂ ’ਤੇ ਲੋਕਾਂ ਅਤੇ ਜਨ ਪ੍ਰਤੀਨਿਧਾਂ ਦੀ ਸਹਿਮਤੀ ਤੋਂ ਬਿਨਾਂ ਪਰਮਿਟ ਦੇਣਾ ਚਾਹੁੰਦੀ ਹੈ ਪਰ ਇਹ ਨੀਤੀ ਨਾ ਤਾਂ ਲੋਕਾਂ ਦੇ ਹਿੱਤ ਵਿੱਚ ਹੈ ਤੇ ਨਾ ਹੀ ਵਿਭਾਗ ਦੇ ਹਿੱਤ ਵਿੱਚ। ਆਗੂਆਂ ਨੇ ਮੰਗ ਕੀਤੀ ਕਿ ਸੋਧੀ ਹੋਈ ਨੀਤੀ ਨੂੰ ਰੱਦ ਕਰਕੇ ਰਾਜ ਦੀ ਵਧਦੀ ਆਬਾਦੀ ਦੇ ਹਿਸਾਬ ਨਾਲ ਨਵੀਆਂ ਸਰਕਾਰੀ ਬੱਸਾਂ ਨੂੰ ਰੋਡਵੇਜ਼ ਦੇ ਬੇੜੇ ਵਿਚ ਸ਼ਾਮਲ ਕੀਤਾ ਜਾਵੇ ਤਾਂ ਜੋ ਨੌਜਵਾਨਾਂ ਨੂੰ ਵਧੀਆ ਅਤੇ ਸੁਰੱਖਿਅਤ ਸੇਵਾ ਦੇ ਨਾਲ ਪੱਕਾ ਰੁਜ਼ਗਾਰ ਮਿਲ ਸਕੇ। -ਪੱਤਰ ਪ੍ਰੇਰਕ